ਮਸ਼ਹੂਰ ਡਾਂਸਰ ਸਪਨਾ ਚੌਧਰੀ ਖਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ
ਚੰਡੀਗੜ੍ਹ, 23 ਅਗਸਤ (ਵਿਸ਼ਵ ਵਾਰਤਾ) ਲਖਨਊ ਦੀ ਇਕ ਅਦਾਲਤ ਨੇ ਮਸ਼ਹੂਰ ਡਾਂਸਰ ਸਪਨਾ ਚੌਧਰੀ ਵਿਰੁੱਧ ਰੱਦ ਕੀਤੇ ਡਾਂਸ ਪ੍ਰੋਗਰਾਮ ਲਈ ਟਿਕਟ ਦੇ ਪੈਸੇ ਵਾਪਸ ਨਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸ਼ਾਂਤਨੂ ਤਿਆਗੀ ਨੇ ਸੁਣਵਾਈ ਦੀ ਅਗਲੀ ਤਰੀਕ 30 ਸਤੰਬਰ ਤੈਅ ਕੀਤੀ ਹੈ। ਦੱਸ ਦੱਈਏ ਕਿ ਇਸੇ ਅਦਾਲਤ ਵੱਲੋਂ ਨਵੰਬਰ 2021 ਵਿੱਚ ਵੀ ਚੌਧਰੀ ਖ਼ਿਲਾਫ਼ ਇਸ ਕੇਸ ਵਿੱਚ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਅਦਾਲਤ ਵਿੱਚ ਪੇਸ਼ ਹੋ ਕੇ ਜ਼ਮਾਨਤ ਲੈ ਗਈ ਸੀ।
ਉਸ ਨੂੰ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਹੋਣਾ ਸੀ ਪਰ ਉਹ ਹਾਜ਼ਰ ਨਹੀਂ ਹੋਈ ਅਤੇ ਨਾ ਹੀ ਉਸ ਦੇ ਵਕੀਲ ਵੱਲੋਂ ਕੋਈ ਛੋਟ ਦੀ ਅਰਜ਼ੀ ਦਾਇਰ ਕੀਤੀ ਗਈ। ਇਸ ਲਈ ਅਦਾਲਤ ਨੇ ਚੌਧਰੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ। ਇਸ ਸਬੰਧ ਵਿੱਚ ਐਫਆਈਆਰ ਸਬ-ਇੰਸਪੈਕਟਰ ਫਿਰੋਜ਼ ਖਾਨ ਨੇ 14 ਅਕਤੂਬਰ 2018 ਨੂੰ ਲਖਨਊ ਦੇ ਆਸ਼ਿਆਨਾ ਥਾਣੇ ਵਿੱਚ ਦਰਜ ਕਰਵਾਈ ਸੀ। ਸਪਨਾ ਚੌਧਰੀ ਤੋਂ ਇਲਾਵਾ, ਐਫਆਈਆਰ ਵਿੱਚ ਪ੍ਰੋਗਰਾਮ ਪ੍ਰਬੰਧਕਾਂ ਜੁਨੈਦ ਅਹਿਮਦ, ਨਵੀਨ ਸ਼ਰਮਾ, ਇਵਾਦ ਅਲੀ, ਅਮਿਤ ਪਾਂਡੇ ਅਤੇ ਰਤਨਾਕਰ ਉਪਾਧਿਆਏ ਨੂੰ ਨਾਮਜ਼ਦ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸਮ੍ਰਿਤੀ ਉਪਵਨ ਵਿਖੇ 13 ਅਕਤੂਬਰ 2018 ਨੂੰ ਦੁਪਹਿਰ 3 ਤੋਂ 10 ਵਜੇ ਤੱਕ ਡਾਂਸ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਸੀ ਅਤੇ ਟਿਕਟਾਂ ਔਨਲਾਈਨ ਅਤੇ ਔਫਲਾਈਨ 300 ਰੁਪਏ ਦੀ ਦਰ ਨਾਲ ਵੇਚੀਆਂ ਗਈਆਂ ਸਨ। ਮੌਕੇ ‘ਤੇ ਮੌਜੂਦ ਹਜ਼ਾਰਾਂ ਲੋਕਾਂ ਨੇ ਚੌਧਰੀ ਦੇ ਸਮਾਗਮ ਲਈ ਨਾ ਆਉਣ ਅਤੇ ਉਨ੍ਹਾਂ ਦੇ ਪੈਸੇ ਵੀ ਵਾਪਸ ਨਾ ਕੀਤੇ ਜਾਣ ‘ਤੇ ਹੰਗਾਮਾ ਕੀਤਾ ਸੀ।