ਮੋਹਾਲੀ, 25 ਅਪ੍ਰੈਲ (ਵਿਸ਼ਵ ਵਾਰਤਾ ) : ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਅੱਜ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਸਿਹਤ ਕਾਮਿਆਂ ਨੇ ਸਕੂਲਾਂ ਵਿਚ ਰੈਲੀਆਂ, ਸਵਾਲ-ਜਵਾਬ ਮੁਕਾਬਲਿਆਂ ਅਤੇ ਵੱਖ-ਵੱਖ ਜਾਗਰੂਕਤਾ ਸਮਾਗਮਾਂ ਰਾਹੀਂ ਇਹ ਦਿਨ ਮਨਾਇਆ। ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਪੁਰੀ ਨੇ ਮਲੇਰੀਆ ਰੋਕਥਾਮ ਪੋਸਟਰ ਜਾਰੀ ਕਰਦਿਆਂ ਲੋਕਾਂ ਨੂੰ ਮਲੇਰੀਆ ਦੇ ਕਾਰਨਾਂ, ਲੱਛਣਾਂ, ਬਚਾਅ ਅਤੇ ਇਲਾਜ ਬਾਰੇ ਜਾਣਕਾਰੀ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਰ ਸਾਲ ਦੁਨੀਆਂ ਭਰ ਵਿਚ ਮਨਾਏ ਜਾਣ ਵਾਲੇ ਇਸ ਦਿਨ ਦੀ ਅਹਿਮੀਅਤ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਇਸ ਵਾਰ ਇਹ ਦਿਨ ‘ਲਿੰਗ, ਸਿਹਤ ਬਰਾਬਰੀ, ਮਨੁੱਖੀ ਅਧਿਕਾਰ’ ਵਿਸ਼ੇ ’ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਸਰਕਾਰ ਨੇ 2030 ਤਕ ਮਲੇਰੀਆ ਦਾ ਮੁਕੰਮਲ ਖ਼ਾਤਮਾ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ, ਜਿਸ ਦੀ ਪ੍ਰਾਪਤੀ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਲੋਕਾਂ ਨੂੰ ਵੀ ਸਿਹਤ ਵਿਭਾਗ ਦਾ ਸਾਥ ਦੇਣਾ ਚਾਹੀਦਾ ਹੈ। ਸਿਵਲ ਸਰਜਨ ਨੇ ਆਖਿਆ ਕਿ ਮਲੇਰੀਆ ਬੁਖ਼ਾਰ ਦੇ ਲੱਛਣ ਦਿਸਣ ’ਤੇ ਤੁਰੰਤ ਨੇੜਲੇ ਸਿਹਤ ਕੇਂਦਰ ਵਿਚ ਜਾ ਕੇ ਜਾਂਚ ਕਰਵਾਈ ਜਾਵੇ। ਸਰਕਾਰੀ ਸਿਹਤ ਸੰਸਥਾਵਾਂ ਵਿਚ ਮਲੇਰੀਆ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਹੁੰਦਾ ਹੈ। ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਵੀ ਸਲਾਹ ਲਈ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਐਪੀਡੀਮੋੋਲੋਜਿਸਟ ਡਾ. ਸੁਭਾਸ਼ ਕੁਮਾਰ ਅਤੇ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ ਨੇ ਮਲੇਰੀਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦਸਿਆ ਕਿ ਮਲੇਰੀਆ ਗੰਭੀਰ ਕਿਸਮ ਦਾ ਬੁਖ਼ਾਰ ਹੈ ਜੋ ਮਾਦਾ ਐਨਾਫ਼ਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਬੁਖ਼ਾਰ ਫੈਲਾਉਣ ਵਾਲਾ ਮੱਛਰ ਬਰਸਾਤ ਦੇ ਮੌਸਮ ਵਿਚ ਵਧਦਾ-ਫੁਲਦਾ ਹੈ। ਉਨ੍ਹਾਂ ਦਸਿਆ ਕਿ ਠੰਢ ਅਤੇ ਕਾਂਬੇ ਨਾਲ ਰੋਜ਼ਾਨਾ ਜਾਂ ਤੀਜੇ ਦਿਨ ਬੁਖ਼ਾਰ ਹੋਣਾ, ਉਲਟੀਆਂ ਤੇ ਸਿਰਦਰਦ ਹੋਣਾ, ਬੁਖ਼ਾਰ ਉਤਰਨ ਮਗਰੋਂ ਥਕਾਵਟ ਤੇ ਕਮਜ਼ੋਰੀ ਹੋਣਾ, ਬੁਖ਼ਾਰ ਉਤਰਨ ’ਤੇ ਸਰੀਰ ਦਾ ਪਸੀਨੋ-ਪਸੀਨੀ ਹੋਣਾ ਆਦਿ ਮਲੇਰੀਆ ਦੇ ਮੁੱਖ ਲੱਛਣ ਹਨ। ਖ਼ੂਨ ਦੀ ਜਾਂਚ ਕਰਵਾਉਣ ’ਤੇ ਮਲੇਰੀਆ ਹੋਣ ਜਾਂ ਨਾ ਹੋਣ ਬਾਰੇ ਪਤਾ ਲੱਗ ਜਾਂਦਾ ਹੈ। ਜੇ ਮਲੇਰੀਆ ਨਿਕਲਦਾ ਹੈ ਤਾਂ ਇਸ ਦਾ ਇਲਾਜ ਸੰਭਵ ਹੈ। ਉਨ੍ਹਾਂ ਦਸਿਆ ਕਿ ਪਾਣੀ ਕਿਸੇ ਵੀ ਥਾਂ ਇਕੱਠਾ ਨਾ ਹੋਣ ਦਿਤਾ ਜਾਵੇ। ਇਕੱਠੇ ਹੋਏ ਪਾਣੀ ਵਿਚ ਕਾਲਾ ਤੇਲ ਪਾਇਆ ਜਾਵੇ ਅਤੇ ਛੱਤ ’ਤੇ ਲੱਗੀਆਂ ਪਾਣੀ ਦੀਆਂ ਟੈਂਕੀਆਂ ਨੂੰ ਢੱਕ ਕੇ ਰਖਿਆ ਜਾਵੇ। ਅਜਿਹੇ ਕਪੜੇ ਪਾਏ ਜਾਣ ਕਿ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ ਤਾਕਿ ਮੱਛਰ ਨਾ ਕੱਟੇ। ਰਾਤ ਨੂੰ ਸੌਣ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਦੀ ਵਰਤੋਂ ਕੀਤੀ ਜਾਵੇ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰੇਨੂੰ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਪਰਵਿੰਦਰਪਾਲ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਹਰਚਰਨ ਸਿੰਘ ਬਰਾੜ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ, ਪੀ.ਏ. ਦਵਿੰਦਰ ਸਿੰਘ ਆਦਿ ਮੌਜੂਦ ਸਨ।
ਫ਼ੋਟੋ ਕੈਪਸ਼ਨ : ਪੋਸਟਰ ਜਾਰੀ ਕਰਦੇ ਹੋਏ ਸਿਹਤ ਅਧਿਕਾਰੀ ।
Latest News : ਖੁਸ਼ਖਬਰੀ ! ਪੰਜਾਬ ‘ਚ ਸਰਕਾਰੀ ਡਾਕਟਰਾਂ ਦੀ ਤਨਖਾਹ ‘ਚ ਵਾਧਾ
Latest News : ਖੁਸ਼ਖਬਰੀ ! ਪੰਜਾਬ ‘ਚ ਸਰਕਾਰੀ ਡਾਕਟਰਾਂ ਦੀ ਤਨਖਾਹ ‘ਚ ਵਾਧਾ ਚੰਡੀਗੜ੍ਹ, 21ਜਨਵਰੀ(ਵਿਸ਼ਵ ਵਾਰਤਾ) ਪੰਜਾਬ ਸਰਕਾਰ ਨੇ ਡਾਕਟਰਾਂ...