ਮਰਹੂਮ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ- ਅੱਜ ਇੱਕ ਹੋਰ ਗੀਤ ਹੋਵੇਗਾ ਰਿਲੀਜ਼
ਚੰਡੀਗੜ੍ਹ, 10 ਅਪ੍ਰੈਲ (ਵਿਸ਼ਵ ਵਾਰਤਾ) ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਇੱਕ ਖੁਸ਼ਖਬਰੀ ਆਈ ਹੈ ਕਿ ਅੱਜ ਸਿੱਧੂ ਮੂਸੇਵਾਲਾ ਦਾ ਇੱਕ ਹੋਰ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਛੇਵਾਂ ਗੀਤ ਹੈ, ਜਿਸ ਨੂੰ ਰੈਪਰ ਅਤੇ ਮੂਸੇਵਾਲਾ ਦੇ ਦੋਸਤ ਸੰਨੀ ਮਾਲਟਨ ਨੇ ਪੂਰਾ ਕੀਤਾ ਹੈ। ਗੀਤ ਦਾ ਕਵਰ ਰਿਲੀਜ਼ ਹੋ ਗਿਆ ਹੈ। ਗੀਤ ਦਾ ਨਾਂ ‘410’ ਹੈ, ਜੋ ਅੱਜ 10 ਅਪ੍ਰੈਲ ਨੂੰ ਰਿਲੀਜ਼ ਹੋਵੇਗਾ। ਇੱਥੇ ਤੁਹਾਨੂੰ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਅਤੇ ਸੰਨੀ ਮਾਲਟਨ ਕਈ ਗੀਤਾਂ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਇਸ ਵਿੱਚ ‘ਲੇਵਲ’, ‘ਨੇਵਰ ਫੋਲਡ’, ‘ਜਸਟ ਲਿਸਨ’ ਵਰਗੇ ਕਈ ਹਿੱਟ ਗੀਤ ਸ਼ਾਮਲ ਹਨ। ਇਨ੍ਹਾਂ ਗੀਤਾਂ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸਾਲ 2022 ‘ਚ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ‘ਚ ਅਣਪਛਾਤੇ ਹਮਲਾਵਰਾਂ ਨੇ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਸ ਸਮੇਂ ਸਿੱਧੂ ਦੀ ਉਮਰ ਸਿਰਫ਼ 28 ਸਾਲ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਨੇ ਲਈ ਸੀ। ਇਸ ਸਮੇਂ ਗੈਂਗਸਟਰ ਲਾਰੈਂਸ ਬਿਸ਼ਨੋਈ ਦਿੱਲੀ ਪੁਲਿਸ ਦੀ ਹਿਰਾਸਤ ਵਿੱਚ ਹੈ। ਦਿੱਲੀ ਪੁਲਿਸ ਮੁਤਾਬਕ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ‘ਮਾਸਟਰਮਾਈਂਡ’ ਗੈਂਗਸਟਰ ਲਾਰੈਂਸ ਬਿਸ਼ਨੋਈ ਸੀ। ਇਸ ਪੂਰੇ ਕਤਲ ਕੇਸ ਵਿੱਚ ਹੁਣ ਤੱਕ ਕਈ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸੀਆਰਪੀਸੀ ਤਹਿਤ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਸਮੇਤ ਕਈ ਵੱਡੇ ਗੈਂਗਸਟਰਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ।