ਮਨਪ੍ਰੀਤ ਬਾਖ਼ੂਬੀ ਨਿਭਾ ਰਿਹੈ ਨਹੁੰ-ਮਾਸ ਵਾਲੀ ਦੋਸਤੀ: ਗੁਰਮੀਤ ਖੁੱਡੀਆਂ
ਹਰਸਿਮਰਤ ਨੂੰ ਪੁੱਛਿਆ ‘ਕਿਉਂ ਨਹੀਂ ਲਾਇਆ ਫ਼ੂਡ ਪ੍ਰੋਸੈਸਿੰਗ ਪਲਾਂਟ’; ਪੰਜਾਬੀਆਂ ਨੂੰ 13-0 ਕਰਨ ਦੀ ਕੀਤੀ ਅਪੀਲ
ਬਠਿੰਡਾ, 28 ਮਈ (ਵਿਸ਼ਵ ਵਾਰਤਾ): ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਖੁਲਾਸਾ ਕੀਤਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਆਪਣੀ ਭਰਜਾਈ ਹਰਸਿਮਰਤ ਕੌਰ ਬਾਦਲ ਦੀ ਅੰਦਰੂਨੀ ਮੱਦਦ ਕਰ ਰਹੇ ਹਨ। ਉਨ੍ਹਾਂ ਤਰਕ ਪੇਸ਼ ਕੀਤਾ ਕਿ ਮਨਪ੍ਰੀਤ ਬਾਦਲ ਬਿਮਾਰੀ ਦਾ ਬਹਾਨਾ ਬਣਾ ਕੇ ਬਠਿੰਡਾ ਹਲਕੇ ’ਚ ਤਾਂ ਭਾਜਪਾ ਦੇ ਚੋਣ ਪ੍ਰਚਾਰ ਤੋਂ ਦੂਰੀ ਬਣਾ ਕੇ ਚੱਲ ਰਹੇ ਹਨ ਪਰ ਪਟਿਆਲਾ ’ਚ ਪ੍ਰਧਾਨ ਮੰਤਰੀ ਦੀ ਰੈਲੀ ਵਿੱਚ ਪਹੁੰਚ ਜਾਂਦੇ ਹਨ।
ਇਥੇ ਚੋਣ ਜਲਸਿਆਂ ਚੋਣ ਦੌਰਾਨ ਸ੍ਰੀ ਖੁੱਡੀਆਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਵੱਲੋਂ ਅਕਾਲੀ-ਭਾਜਪਾ ਦੇ ਨਹੁੰ-ਮਾਸ ਦੇ ਰਿਸ਼ਤੇ ਨੂੰ ਪੁਗਾਉਣ ਦੀ ਇਹ ਸਹੀ ਤਸਵੀਰ ਹੈ। ਉਨ੍ਹਾਂ ਹਰਸਿਮਰਤ ਕੌਰ ਬਾਦਲ ਤੋਂ ਪੁੱਛਿਆ ਕਿ ਜਿਹੜੀ ਬੀਬੀ ਕੇਂਦਰ ਵਿਚ ਫ਼ੂਡ ਪ੍ਰੋਸੈਸਿੰਗ ਮੰਤਰੀ ਹੁੰਦਿਆਂ ਹੋਇਆਂ, ਮਾਲਵਾ ਖਿੱਤੇ ’ਚ ਫ਼ੂਡ ਪ੍ਰੋਸੈਸਿੰਗ ਦੀ ਇਕ ਵੀ ਸਨਅਤ ਸਥਾਪਿਤ ਨਹੀਂ ਕਰਵਾ ਸਕੀ, ਉਹ ਹੁਣ ਕਿਸਾਨਾਂ ਦੀ ਸਭ ਤੋਂ ਵੱਡੀ ਖ਼ੈਰ-ਖ਼ੁਆਹ ਹੋਣ ਦੇ ਦਮਗਜੇ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਚਿੱਟੇ ਦਿਨ ਵਰਗਾ ਸੱਚ ਹੈ ਕਿ ਕਿਸਾਨੀ ਦੀਆਂ ਜੜ੍ਹਾਂ ਖੋਖਲੀਆਂ ਕਰਨ ਵਾਲੇ ਵਿਵਾਦਤ ਖੇਤੀ ਕਾਨੂੰਨਾਂ ਦੀ ਬਾਦਲ ਪਰਿਵਾਰ ਦੇ ਇਕੱਲੇ-ਇਕੱਲੇ ਜੀਅ ਨੇ ਸ਼ਰ੍ਹੇਆਮ ਪੈਰਵੀ ਕੀਤੀ ਪਰ ਜਦੋਂ ਕਿਸਾਨਾਂ ਨੇ ਬਾਦਲ ਪਰਿਵਾਰ ਦੇ ਘਰ ਅੱਗੇ ਪਿੰਡ ਬਾਦਲ ’ਚ ਪੱਕਾ ਮੋਰਚਾ ਲਾ ਦਿੱਤਾ, ਤਾਂ ਕਿਤੇ ਜਾ ਕੇ ਮਜ਼ਬੂਰੀ ਵੱਸ ਕੇਂਦਰੀ ਮੰਤਰੀ ਪਦ ਤੋਂ ਅਸਤੀਫਾ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਕਿਸਾਨ ਇਹ ਕਦੇ ਨਹੀਂ ਭੁੱਲਣਗੇ ਕਿ ਹਰਸਿਮਰਤ ਦੇ ਕੇਂਦਰੀ ਮੰਤਰੀ ਹੁੰਦਿਆਂ ਹੋਇਆਂ ਭਾਜਪਾ ਸਰਕਾਰ ਵੱਲੋਂ ਸੜਕਾਂ ’ਤੇ ਕਿੱਲ ਠੋਕ ਕੇ ਤੇ ਬੈਰੀਕੇਡਿੰਗ ਕਰਕੇ ਉਨ੍ਹਾਂ ਨੂੰ ਦਿੱਲੀ ਦੀਆਂ ਬਰੂਹਾਂ ਤੋਂ ਅੱਗੇ ਨਹੀਂ ਜਾਣ ਦਿੱਤਾ ਗਿਆ ਅਤੇ ਸਵਾ ਸਾਲ ਮੌਸਮਾਂ ਦੀ ਬਦ-ਮਿਜ਼ਾਜੀ ਦੀ ਮਾਰ ਝੱਲ ਕੇ ਸਵਾ ਸਾਲ ਕਿਸਾਨਾਂ ਨੂੰ ਸੜਕਾਂ ’ਤੇ ਰੁਲਣਾ ਪਿਆ ਸੀ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਦੀ ਭਾਜਪਾ ’ਚ ਸ਼ਮੂਲੀਅਤ ਵੀ ਬਾਦਲ ਪਰਿਵਾਰ ਦੀ ਡੂੰਘੀ ਚਾਲ ਸੀ, ਜੋ ਹੁਣ ਉੱਭਰਵੇਂ ਰੂਪ ਵਿੱਚ ਸਾਹਮਣੇ ਆ ਗਈ ਹੈ।
ਸ੍ਰੀ ਖੁੱਡੀਆਂ ਨੇ ਕਿਹਾ ਕਿ ਕਾਂਗਰਸੀਆਂ ਦੀ ਹਾਲਤ ਬਿਨਾਂ ਪਾਣੀ ਤੋਂ ਮੱਛੀ ਵਰਗੀ ਹੈ ਅਤੇ ਇਹ ਸੱਤਾ ਬਗ਼ੈਰ ਟਿਕ ਨਹੀਂ ਸਕਦੇ, ਇਸੇ ਲਈ ਸੱਤਰ ਪ੍ਰਤੀਸ਼ਤ ਪੰਜਾਬ ਦੇ ਕਾਂਗਰਸੀ ਆਗੂ ਭਾਜਪਾ ਵਿੱਚ ਐਂਟਰੀ ਮਾਰ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਬਹੁਤਾ ਬੇੜਾ ਤਾਂ ਆਪਣੇ ਪਾਪਾਂ ਦੇ ਭਾਰ ਨਾਲ ਖੁਦ ਹੀ ਡੁੱਬ ਚੁੱਕਾ ਹੈ ਅਤੇ ਬਾਕੀ ਰਹਿੰਦ-ਖੂੰਹਦ 4 ਜੂਨ ਨੂੰ ਚੋਣ ਨਤੀਜੇ ਆਉਣ ਮਗਰੋਂ ਸਮੇਟੀ ਜਾਵੇਗੀ।
ਅਖੀਰ ਵਿਚ ਸ੍ਰੀ ਖੁੱਡੀਆਂ ਨੇ ਆਖਿਆ ਕਿ ਦੁਨੀਆਂ ਭਰ ’ਚ ਖ਼ੂਬਸੂਰਤ ਜਮਹੂਰੀਅਤ ਕਰਕੇ ਜਾਣੇ ਜਾਂਦੇ ਭਾਰਤ ਦੀ ਜਮਹੂਰੀਅਤ ਅਤੇ ਸੰਵਿਧਾਨ ਨੂੰ ਹੁਣ ਫ਼ਿਰਕੂ ਤੇ ਫ਼ਾਸ਼ੀਵਾਦ ਫ਼ੈਲਾਅ ਰਹੇ ਤਾਨਾਸ਼ਾਹਾਂ ਤੋਂ ਖ਼ਤਰਾ ਹੈ। ਉਨ੍ਹਾਂ ਵੋਟਰਾਂ ਨੂੰ ਸਨਿਮਰ ਅਪੀਲ ਕੀਤੀ ਕਿ ਪੰਜਾਬ ਨੇ ਸਦਾ ਜ਼ਾਲਮਾਂ ਦਾ ਟਾਕਰਾ ਕੀਤਾ ਹੈ ਅਤੇ ਇਸ ਵਾਰ ਜ਼ੁਲਮ ਦਾ ਜਵਾਬ ਵੋਟ ਨਾਲ ਦੇਣ ਲਈ ਆਮ ਆਦਮੀ ਪਾਰਟੀ ਨੂੰ 13 ਦੀਆਂ 13 ਸੀਟਾਂ ’ਤੇ ਸ਼ਾਨਾਮੱਤੀ ਜਿੱਤ ਦੁਆ ਕੇ, ਰੰਗਲੇ ਪੰਜਾਬ ਦੀ ਇਬਾਰਤ ਸੁਨਹਿਰੀ ਹਰਫ਼ਾਂ ਵਿੱਚ ਲਿਖ਼ੀ ਜਾਵੇ।
ਸ੍ਰੀ ਖੁੱਡੀਆਂ ਨੇ ਅੱਜ ਵਿਧਾਨ ਸਭਾ ਹਲਕਾ ਬਠਿੰਡਾ (ਦਿਹਾਤੀ) ਦੇ ਨਰੂਆਣਾ, ਜੈ ਸਿੰਘ ਵਾਲਾ, ਫੁੱਲੋ ਮਿੱਠੀ, ਸੰਗਤ ਕਲਾਂ, ਕੋਟ ਗੁਰੂ, ਮੁਹਾਲਾਂ, ਬਾਂਡੀ, ਫਰੀਦਕੋਟ ਕੋਟਲੀ, ਕੋਟਲੀ ਸਾਬੋ, ਕਾਲ ਝਰਾਣੀ, ਰਾਏ ਕੇ ਕਲਾਂ, ਚੱਕ ਅੱਤਰ ਸਿੰਘ ਵਾਲਾ, ਨੰਦਗੜ੍ਹ, ਬਾਜਕ, ਬੰਬੀਹਾ, ਜੰਗੀਰਾਣਾ, ਝੂੰਬਾ, ਤਿਉਣਾ, ਬਾਹੋ ਯਾਤਰੀ, ਬਾਹੋ ਸਿਵੀਆਂ, ਘੁੱਦਾ ਆਦਿ ਪਿੰਡਾਂ ਵਿੱਚ ਲੋਕ ਮਿਲਣੀਆਂ ਕੀਤੀਆਂ।