ਮਨਕੀਰਤ ਔਲਖ ਦੀਆਂ ਮੁਸ਼ਕਿਲਾਂ ਵਿੱਚ ਹੋ ਸਕਦਾ ਹੈ ਵਾਧਾ;ਹੁਣ ਚੰਡੀਗੜ੍ਹ ਦੀ ਅਦਾਲਤ ਵਿੱਚ ਕੇਸ ਦਰਜ
ਚੰਡੀਗੜ੍ਹ, 9ਅਗਸਤ(ਵਿਸ਼ਵ ਵਾਰਤਾ) -ਪੰਜਾਬੀ ਗਾਇਕ ਮਨਕੀਰਤ ਔਲਖ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਘਿਰ ਗਏ ਹਨ।ਔਲਖ ਖਿਲਾਫ ਹੁਣ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਹੈ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਕੇਸ ਵਿੱਚ ਉਸ ਦੇ ਗੀਤ ‘8 ਰਫਲਾਂ’ ਵਿੱਚ ਵਕੀਲਾਂ ਲਈ ਅਪਮਾਨਜਨਕ ਸ਼ਬਦਾਵਲੀ ਵਰਤਣ ਦਾ ਦੋਸ਼ ਲਾਇਆ ਗਿਆ ਹੈ। ਐਡਵੋਕੇਟ ਸੁਨੀਲ ਮੱਲਣ ਨੇ ਇਹ ਕੇਸ ਦਾਇਰ ਕੀਤਾ ਹੈ। ਜਿਸ ਦੀ ਸੁਣਵਾਈ ਅੱਜ ਚੰਡੀਗੜ੍ਹ ਅਦਾਲਤ ਵਿੱਚ ਹੋਵੇਗੀ।
ਜਿਕਰਯੋਗ ਹੈ ਕਿ ਇਹ ਐਲਬਮ ਪਿਛਲੇ ਸਾਲ ਰਿਲੀਜ਼ ਹੋਈ ਸੀ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਐਡਵੋਕੇਟ ਮੱਲਣ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਖਿਲਾਫ ਉਸਦੇ ਗੀਤ ‘ਸੰਜੂ’ ‘ਚ ਵਕੀਲਾਂ ਨੂੰ ਕਥਿਤ ਤੌਰ ‘ਤੇ ਬਦਨਾਮ ਕਰਨ ਦਾ ਮਾਮਲਾ ਵੀ ਦਰਜ ਕਰਵਾਇਆ ਸੀ। ਉਸ ਮਾਮਲੇ ਵਿੱਚ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਬਾਕੀਆਂ ਖ਼ਿਲਾਫ਼ ਕੇਸ ਚੱਲ ਰਿਹਾ ਹੈ।
ਐਡਵੋਕੇਟ ਮੱਲਣ ਨੇ ਦੱਸਿਆ ਕਿ ਮਨਕੀਰਤ ਔਲਖ ਨੂੰ 15 ਮਈ 2021 ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਸੀ। ਇਸ ਦਾ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਅਦਾਲਤ ਤੋਂ ਮੰਗ ਕੀਤੀ ਗਈ ਹੈ ਕਿ ਇਸ ਗੀਤ ਨੂੰ ਸੋਸ਼ਲ ਮੀਡੀਆ ਤੋਂ ਹਟਾਇਆ ਜਾਵੇ। ਇਹ ਹੁਕਮ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਮਦਦ ਨਾਲ ਜਾਰੀ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹਰਜਾਨਾ ਐਡਵੋਕੇਟ ਵੈਲਫੇਅਰ ਫੰਡ ਵਿੱਚ ਜਮ੍ਹਾ ਕਰਵਾਇਆ ਜਾਵੇ। ਇਹ ਵੀ ਜਿਕਰ ਕਰਨਾ ਬਣਦਾ ਹੈ ਕਿ 29 ਮਈ 2022 ਨੂੰ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿੱਚ ਵੀ ਮਨਕੀਰਤ ਔਲਖ ਤੇ ਇਲਜ਼ਾਮ ਲੱਗੇ ਸਨ। ਪਰ, ਮਾਮਲੇ ਦੀ ਜਾਂਚ ਦੌਰਾਨ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਇੱਕ ਮਹੀਨੇ ਦੀ ਜਾਂਚ ਤੋਂ ਬਾਅਦ ਜੂਨ ਵਿੱਚ ਮਨਕੀਰਤ ਔਲਖ ਨੂੰ ਕਲੀਨ ਚਿੱਟ ਦੇ ਦਿੱਤੀ ਸੀ।