ਅੰਮ੍ਰਿਤਸਰ, 4 ਅਪ੍ਰੈਲ (ਵਿਸ਼ਵ ਵਾਰਤਾ)-ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੌਰਾਨ ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋੜਵੰਦਾਂ ਨੂੰ ਘਰਾਂ ਵਿਚ ਹੀ ਜ਼ਰੂਰੀ ਵਸਤਾਂ ਪਹੁੰਚਾ ਕੇ ਬਾਜ਼ਾਰਾਂ ਤੇ ਦੁਕਾਨਾਂ ਉਤੇ ਲੱਗਦੀ ਭੀੜ ਨੂੰ ਰੋਕਿਆ ਜਾਵੇ, ਉਥੇ ਵਿਦੇਸ਼ਾਂ ਤੋਂ ਪਰਤੇ ਵਿਅਕਤੀਆਂ ਨੂੰ ਘਰਾਂ ਵਿਚ ਇਕਾਂਤਵਾਸ ਕੀਤਾ ਜਾ ਰਿਹਾ ਹੈ, ਤਾਂ ਕਿ ਜੇਕਰ ਉਨਾਂ ਨੂੰ ਕੋਰੋਨਾ ਵਾਇਰਸ ਦੀ ਸਮੱਸਿਆ ਹੋਵੇ ਤਾਂ ਇਹ ਲਾਗ ਉਹ ਅੱਗੇ ਆਪਣੇ ਪਰਿਵਾਰ ਜਾਂ ਗੁਆਂਢੀਆਂ ਤੱਕ ਨਾ ਫੈਲਾਉਣ।
ਉਕਤ ਸਬਦਾਂ ਦਾ ਪ੍ਰਗਟਾਵਾ ਕਰਦੇ ਐਸ ਡੀ ਐਮ ਮਜੀਠਾ ਸ੍ਰੀਮਤੀ ਅਲਕਾ ਕਾਲੀਆ ਨੇ ਦੱਸਿਆ ਕਿ ਮਜੀਠਾ ਸਬ ਡਵੀਜ਼ਨ ਵਿਚ ਵਿਦੇਸ਼ ਤੋਂ ਆਏ 130 ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਬੀ ਡੀ ਪੀ ਓ ਮਜੀਠਾ ਡਾ. ਸੰਦੀਪ ਮਲਹੋਤਰਾ ਅਤੇ ਉਨਾਂ ਦੇ ਸਟਾਫ ਵੱਲੋਂ ਸਬੰਧਤ ਵਿਅਕਤੀਆਂ ਦੇ ਘਰਾਂ ਉਤੇ ਨੋਟਿਸ ਲਗਾਏ ਗਏ ਹਨ। ਉਕਤ ਵਿਅਕਤੀਆਂ ਅਤੇ ਉਨਾਂ ਦੇ ਪਰਿਵਾਰ ਨੂੰ ਸਮਝਾਇਆ ਗਿਆ ਹੈ ਕਿ 14 ਦਿਨ ਇਨਾਂ ਦਾ ਇਕਾਂਤਵਾਸ ਵਿਚ ਰਹਿਣਾ ਕਿਉਂ ਜ਼ਰੂਰੀ ਹੈ। ਇਸ ਤੋਂ ਇਲਾਵਾ ਉਨਾਂ ਦੇ ਆਂਢ-ਗੁਆਂਢ ਵੀ ਲੋਕਾਂ ਨੂੰ ਸਬੰਧਤ ਅਧਿਕਾਰੀਆਂ ਦੇ ਫੋਨ ਨੰਬਰ ਦਿੱਤੇ ਗਏ ਹਨ, ਤਾਂ ਜੋ ਜੇਕਰ ਅਜਿਹੇ ਵਿਅਕਤੀ ਜਿੰਨਾ ਨੂੰ ਇਕਾਂਤਵਾਸ ਕੀਤਾ ਹੈ, ਜੇਕਰ ਉਹ ਬਾਹਰ ਨਿਕਲਣ ਤਾਂ ਸੂਚਨਾ ਦਿੱਤੀ ਜਾ ਸਕੇ। ਉਨਾਂ ਕਿਹਾ ਕਿ ਜੇਕਰ ਅਜਿਹੇ ਵਿਅਕਤੀ ਘਰ ਨਹੀਂ ਬੈਠਣਗੇ ਤਾਂ ਅਸੀਂ ਇਨਾਂ ਨੂੰ ਸਰਕਾਰ ਵੱਲੋਂ ਬਣਾਏ ਕੁਆਰਨਟਾਈਨ ਕੇਂਦਰ ਵਿਚ ਤਬਦੀਲ ਕਰਾਂਗੇ।
ਕੈਪਸ਼ਨ
ਮਜੀਠਾ ਸਬ ਡਵੀਜ਼ਨ ਦੇ ਪਿੰਡਾਂ ਵਿਚ ਘਰਾਂ ਉਤੇ ਇਕਾਂਤਵਾਸ ਦੇ ਨੋਟਿਸ ਲਗਾਉਂਦੇ ਪੰਚਾਇਤ ਵਿਭਾਗ ਦੇ ਕਰਮਚਾਰੀ।