ਭ੍ਰਿਸ਼ਟਾਚਾਰ ਮਾਮਲਾ-ਆਈਏਐਸ ਅਧਿਕਾਰੀ ਸੰਜੇ ਪੋਪਲੀ ਦੀ ਅੱਜ ਮੁਹਾਲੀ ਕੋਰਟ ਵਿੱਚ ਹੋਵੇਗੀ ਪੇਸ਼ੀ
ਚੰਡੀਗੜ੍ਹ,25 ਜੂਨ(ਵਿਸ਼ਵ ਵਾਰਤਾ)- ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫਸੇ ਪੰਜਾਬ ਦੇ ਸੀਨੀਅਰ ਆਈਏਐਸ ਅਧਿਕਾਰੀ ਸੰਜੇ ਪੋਪਲੀ ਨੂੰ ਅੱਜ ਫਿਰ ਤੋਂ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ ਉਸ ਨੂੰ ਵਿਜੀਲੈਂਸ ਨੇ 4 ਦਿਨ ਦੇ ਰਿਮਾਂਡ ‘ਤੇ ਲਿਆ ਸੀ । ਇਸ ਦੌਰਾਨ ਉਸ ਦੇ ਘਰ ਦੇ ਨਾਲ-ਨਾਲ ਹੋਰ ਜਾਇਦਾਦਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਜਿਸ ਵਿਚ ਵਿਜੀਲੈਂਸ ਨੂੰ 2 ਜਾਇਦਾਦਾਂ ਬਾਰੇ ਪਤਾ ਲੱਗਾ ਹੈ। ਇਸ ਤੋਂ ਇਲਾਵਾ ਕਈ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਂ ਵੀ ਪੁੱਛਗਿੱਛ ‘ਚ ਸਾਹਮਣੇ ਆਏ ਹਨ। ਪੁੱਛਗਿੱਛ ਦੇ ਵੇਰਵੇ ਵਿਜੀਲੈਂਸ ਵੱਲੋਂ ਅਦਾਲਤ ਵਿੱਚ ਰੱਖੇ ਜਾਣਗੇ।ਜਿਕਰ ਕਰਨਾ ਬਣਦਾ ਹੈ ਕਿ ਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਜੀਲੈਂਸ ਨੇ ਚੰਡੀਗੜ੍ਹ ਦੇ ਸੈਕਟਰ 11 ਸਥਿਤ ਉਸ ਦੇ ਘਰ ਦੀ ਤਲਾਸ਼ੀ ਲਈ ਸੀ।ਜਿਸ ਦੌਰਾਨ ਵਿਜੀਲੈਂਸ ਨੂੰ ਉਥੋਂ 73 ਕਾਰਤੂਸ ਬਰਾਮਦ ਹੋਏ ਸਨ। ਜਿਸ ਤੋਂ ਬਾਅਦ ਪੋਪਲੀ ਖਿਲਾਫ ਅਸਲਾ ਐਕਟ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਹੀ ਪੋਪਲੀ ਦੇ ਸਾਥੀ ਸੰਜੇ ਵਤਸ ਦੀ ਵੀ ਅੱਜ ਪੇਸ਼ੀ ਹੋਵੇਗੀ। ਉਸਨੂੰ ਵੀ ਅਦਾਲਤ ਨੇ 4 ਦਿਨ ਦੇ ਰਿਮਾਂਡ ਭੇਜ ਦਿੱਤਾ ਸੀ।