ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਆਈਏਐਸ ਅਧਿਕਾਰੀ ਸੰਜੇ ਪੋਪਲੀ ਖਿਲਾਫ ਵਿਜੀਲੈਂਸ ਵੱਲੋਂ ਚਾਰਜਸ਼ੀਟ ਦਾਇਰ
ਚੰਡੀਗੜ੍ਹ,19 ਅਗਸਤ(ਵਿਸ਼ਵ ਵਾਰਤਾ)- ਭ੍ਰਿਸ਼ਟਾਚਾਰਾਂ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਆਈਏਐਸ ਅਧਿਕਾਰੀ ਸੰਜੇ ਪੋਪਲੀ ਖਿਲਾਫ ਪੰਜਾਬ ਵਿਜੀਲੈਂਸ ਬਿਊਰੋ ਨੇ ਬੀਤੇ ਕੱਲ੍ਹ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਇਸ ਚਾਰਜਸ਼ੀਟ ਵਿੱਚ ਵਿਜੀਲੈਂਸ ਵੱਲੋਂ ਇਹ ਦਾਅਵਾ ਕੀਤਾ ਹੈ ਕਿ ਉਸਨੇ ਸਰਕਾਰੀ ਕਰਮਚਾਰੀਆਂ ਨੂੰ ਪ੍ਰਭਾਵਿਤ ਕਰਨ ਅਤੇ ਭ੍ਰਿਸ਼ਟ ਕਰਨ ਲਈ ਆਪਣੇ ਅਹੁਦੇ ਦਾ ਨਾਜਾਇਜ਼ ਫਾਇਦਾ ਉਠਾਇਆ। ਇਰ ਚਾਰਜਸ਼ੀਟ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 (ਲੋਕ ਸੇਵਕ ਦੁਆਰਾ ਭ੍ਰਿਸ਼ਟਾਚਾਰ ਸਵੀਕਾਰ ਕਰਨਾ) ਅਤੇ 7-ਏ (ਜਨਤਕ ਅਹੁਦੇ ‘ਤੇ ਹੋਣ ਦੀ ਉਮੀਦ ਦਿਖਾ ਕੇ ਭ੍ਰਿਸ਼ਟਾਚਾਰ ਨੂੰ ਸਵੀਕਾਰ ਕਰਨਾ) ਦੇ ਤਹਿਤ ਦਾਇਰ ਕੀਤੀ ਗਈ ਹੈ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 20 ਪੰਨਿਆਂ ਦੇ ਚਾਰਜਸ਼ੀਟ ਵਿੱਚ 55 ਗਵਾਹਾਂ ਦੇ ਨਾਂ ਹਨ ਜੋ ਪੋਪਲੀ ਦੇ ਖਿਲਾਫ ਬਿਆਨ ਦੇਣਗੇ। ਦੱਸ ਦਈਏ ਕਿ ਸੰਜੇ ਪੋਪਲੀ ਨੂੰ 20 ਜੂਨ ਨੂੰ ਨਵਾਂਸ਼ਹਿਰ ਵਿਖੇ ਸੀਵਰੇਜ ਪਾਈਪ ਲਾਈਨ ਵਿਛਾਉਣ ਲਈ ਟੈਂਡਰ ਕਲੀਅਰ ਕਰਨ ਲਈ 7 ਲੱਖ ਰੁਪਏ ਦਾ 1% ਕਮਿਸ਼ਨ ਮੰਗਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੇ ਕਥਿਤ ਸਾਥੀ ਸੰਦੀਪ ਵਤਸ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।