ਭੁਲੱਥ ਵਿੱਚ ਨੌਜਵਾਨ ਨੂੰ ਦਰਖ਼ਤ ਨਾਲ ਪੁੱਠਾ ਲਮਕਾਏ ਜਾਣ ਦਾ ਮਾਮਲਾ;ਦਲਿਤ ਜੱਥੇਬੰਦੀਆਂ ਵੱਲੋਂ ਧਰਨਾ ਪ੍ਰਦਰਸ਼ਨ ਅਤੇ ਚੱਕਾ ਜਾਮ
ਭੁਲੱਥ,14 ਜੂਨ(ਵਿਸ਼ਵ ਵਾਰਤਾ)- ਜ਼ਿਲ੍ਹਾ ਕਪੂਰਥਲਾ ਦੇ ਹਲਕਾ ਭੁਲੱਥ ਵਿੱਚ ਪੈਂਦੇ ਪਿੰਡ ਮਾਨਾਂਤਲਵੰਡੀ ਵਿਖੇ ਦਲਿਤ ਨੌਜਵਾਨ ਨੂੰ ਕੁਝ ਲੋਕਾਂ ਵੱਲੋਂ ਦਰੱਖਤ ਨਾਲ ਪੁੱਠਾ ਲਟਕਾਏ ਜਾਣ ਦੇ ਮਾਮਲੇ ਵਿਚ ਅੱਜ ਦਲਿਤ ਭਾਈਚਾਰੇ ‘ਤੇ ਆਧਾਰਿਤ ਵੱਖ ਵੱਖ ਜਥੇਬੰਦੀਆਂ ਵੱਲੋਂ ਪਹਿਲਾਂ ਡੀ ਐਸ ਪੀ ਭੁਲੱਥ ਦੇ ਦਫਤਰ ਮੂਹਰੇ ਧਰਨਾ ਦਿੱਤਾ ਗਿਆ। ਮੌਕੇ ਉਤੇ ਜਥੇਬੰਦੀ ਦੇ ਆਗੂਆਂ ਦੀ ਡੀ ਐਸ ਪੀ ਭੁਲੱਥ ਨਾਲ ਗੱਲਬਾਤ ਬੇਸਿੱਟਾ ਰਹੀ।ਜਿਸ ਤੋਂ ਬਾਅਦ ਜਥੇਬੰਦੀਆਂ ਵੱਲੋਂ ਭੁਲੱਥ ਦੇ ਕਚਹਿਰੀ ਚੌਂਕ ਵਿੱਚ ਧਰਨਾ ਲਾ ਦਿੱਤਾ ਗਿਆ। ਜਿਸ ਦੌਰਾਨ ਆਸੇ ਪਾਸੇ ਦੀਆਂ ਸੜਕਾਂ ‘ਤੇ ਚੱਕਾ ਜਾਮ ਹੋ ਗਿਆ। ਇਸ ਮੌਕੇ ਡੀਐਸਪੀ ਭੁਲੱਥ,ਐੱਸ ਐੱਚ ਓ ਭੁਲੱਥ ਤੇ ਪੁਲਸ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਧਰਨੇ ਦੌਰਾਨ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਬੀਤੇ ਦਿਨੀਂ ਪਿੰਡ ਮਾਨਾਂਤਲਵੰਡੀ ਵਿਖੇ ਦਲਿਤ ਨੌਜਵਾਨ ਜਤਿੰਦਰਪਾਲ ਨੂੰ ਦਰੱਖਤ ਨਾਲ ਪੁੱਠਾ ਲਟਕਾਇਆ ਹੋਇਆ ਸੀ ਜਿਸ ਨੂੰ ਰਾਤ ਸਮੇਂ ਕਰੀਬ ਦੱਸ ਵਜੇ ਦੇ ਆਸਪਾਸ ਭੁਲੱਥ ਪੁਲੀਸ ਨੇ ਜਾ ਕੇ ਦਰੱਖਤ ਉੱਤੋਂ ਉਤਾਰਿਆ, ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੀਤੇ ਗਏ ਜੁਰਮ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਭੁਲੱਥ ਪੁਲਸ ਵੱਲੋਂ ਦਲਿਤ ਨੌਜਵਾਨ ਜਤਿੰਦਰਪਾਲ ਖ਼ਿਲਾਫ਼ ਡਾਕੇ ਦੀਆਂ ਧਰਾਵਾਂ ਦਾ ਪਰਚਾ ਦਰਜ ਕੀਤਾ ਗਿਆ। ਜਦਕਿ ਜਤਿੰਦਰਪਾਲ ਨੂੰ ਦਰੱਖਤ ਨਾਲ ਲਟਕਾਉਣ ਦੇ ਮਾਮਲੇ ਵਿਚ ਜੋ ਕੇਸ ਦਰਜ ਕੀਤਾ ਗਿਆ ਹੈ ਉਸ ਵਿੱਚ ਧਾਰਾ 307 ਨਹੀਂ ਲਗਾਈ ਗਈ। ਖਬਰ ਲਿਖੇ ਜਾਣ ਤੱਕ ਧਰਨਾ ਪ੍ਰਦਰਸ਼ਨ ਜਾਰੀ ਸੀ।