ਭੁਪਿੰਦਰ ਹਨੀ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਅੱਜ
ਚੰਡੀਗੜ੍ਹ,30 ਅਪ੍ਰੈਲ(ਵਿਸ਼ਵ ਵਾਰਤਾ)- ਰੇਤ ਮਾਈਨਿੰਗ ਅਤੇ ਮਨੀ ਲਾਂਡਰਿੰਗ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸ਼ਿਕੰਜੇ ‘ਚ ਫਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜ(ਸਾਲੀ ਦੇ ਬੇਟੇ) ਭੁਪਿੰਦਰ ਸਿੰਘ ਹਨੀ ਦੀ ਜ਼ਮਾਨਤ ਪਟੀਸ਼ਨ ‘ਤੇ ਅੱਜ ਸੁਣਵਾਈ ਹੋਵੇਗੀ। ਇਹ ਸੁਣਵਾਈ ਜ਼ਿਲ੍ਹਾ ਅਦਾਲਤ ਜਲੰਧਰ ਵਿੱਚ ਹੀ ਸਥਾਪਤ ਕੀਤੀ ਗਈ ਵਿਸ਼ੇਸ਼ ਅਦਾਲਤ ਵਿੱਚ ਹੋਵੇਗੀ। ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਦੌਰਾਨ ਬਚਾਅ ਪੱਖ ਅਤੇ ਈਡੀ ਦੇ ਵਕੀਲ ਪੇਸ਼ ਹੋਣਗੇ। ਦੋਵਾਂ ਵਿਚਾਲੇ ਬਹਿਸ ਤੋਂ ਬਾਅਦ ਹੀ ਅਦਾਲਤ ਕੋਈ ਫੈਸਲਾ ਲਵੇਗੀ।
ਜਿਕਰਯੋਗ ਹੈ ਕਿ ਭੁਪਿੰਦਰ ਸਿੰਘ ਹਨੀ ਦੀ ਜ਼ਮਾਨਤ ਪਟੀਸ਼ਨ 20 ਅਪਰੈਲ ਨੂੰ ਉਸਦੀ ਪਿਛਲੀ ਪੇਸ਼ੀ ਦੌਰਾਨ ਅਦਾਲਤ ਵਿੱਚ ਪੇਸ਼ ਕੀਤੀ ਗਈ ਸੀ, ਜਿਸ ’ਤੇ ਅਦਾਲਤ ਨੇ ਸੁਣਵਾਈ ਲਈ 27 ਅਪਰੈਲ ਦੀ ਤਰੀਕ ਤੈਅ ਕੀਤੀ ਸੀ। ਨਿਸ਼ਚਿਤ ਮਿਤੀ ‘ਤੇ ਜ਼ਮਾਨਤ ਪਟੀਸ਼ਨ ‘ਤੇ ਦੋਵੇਂ ਵਕੀਲ ਪੇਸ਼ ਹੋਏ ਅਤੇ ਆਪੋ-ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਪਰ ਅਦਾਲਤ ਨੇ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਦੀ ਤਰੀਕ 30 ਅਪ੍ਰੈਲ ਤੱਕ ਵਧਾ ਦਿੱਤੀ। ਇਹ ਵੀ ਦੱਸਣਾ ਬਣਦਾ ਹੈ ਕਿ ਹਨੀ ਨੂੰ ਅਦਾਲਤ ਨੇ 4 ਮਈ ਤੱਕ ਨਿਆਂਇਕ ਹਿਰਾਸਤ ਵਿੱਚ ਭੇਜਿਆ ਹੋਇਆ ਹੈ।