ਭਿਆਨਕ ਸੜਕ ਹਾਦਸੇ ਵਿੱਚ 6 ਦੀ ਮੌਤ
ਚੰਡੀਗੜ੍ਹ, 14ਮਈ(ਵਿਸ਼ਵ ਵਾਰਤਾ)- ਉੱਤਰ ਪ੍ਰਦੇਸ਼ ਦੇ ਹਾਪੁੜ ‘ਚ ਇਕ ਕਾਰ ਡਿਵਾਈਡਰ ਨਾਲ ਟਕਰਾ ਕੇ ਦੂਜੀ ਲੇਨ ‘ਚ ਜਾ ਕੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਸੋਮਵਾਰ ਦੇਰ ਰਾਤ ਹੋਏ ਇਸ ਹਾਦਸੇ ‘ਚ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਕਾਰ ਗਾਜ਼ੀਆਬਾਦ ਤੋਂ ਮੁਰਾਦਾਬਾਦ ਵੱਲ ਜਾ ਰਹੀ ਸੀ। ਜਿਵੇਂ ਹੀ ਕਾਰ ਅੱਲਾਹਬਖਸ਼ਪੁਰ ਟੋਲ ਪਲਾਜ਼ਾ ਨੇੜੇ ਪਹੁੰਚੀ ਤਾਂ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ। ਡਿਵਾਈਡਰ ਪਾਰ ਕਰਕੇ ਦੂਜੀ ਲੇਨ ਵਿੱਚ ਆ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਪੁਲਿਸ ਨੇ ਰਾਹਗੀਰਾਂ ਦੀ ਮਦਦ ਨਾਲ ਲਾਸ਼ਾਂ ਅਤੇ ਜ਼ਖਮੀਆਂ ਨੂੰ ਕਾਰ ‘ਚੋਂ ਬਾਹਰ ਕੱਢਿਆ। ਪੁਲਿਸ ਮੁਤਾਬਕ ਇਹ ਹਾਦਸਾ ਸੋਮਵਾਰ ਰਾਤ ਕਰੀਬ 12.30 ਵਜੇ ਵਾਪਰਿਆ। ਹਾਦਸੇ ਵਿੱਚ ਜਿਹਨਾਂ 6 ਲੋਕਾਂ ਦੀ ਮੌਤ ਹੋਈ ਹੈ ਉਨ੍ਹਾਂ ਦੀ ਉਮਰ 25 ਤੋਂ 35 ਸਾਲ ਦਰਮਿਆਨ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਸਾਰੇ ਗਾਜ਼ੀਆਬਾਦ ਦੇ ਲੋਨੀ ਇਲਾਕੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਿਸ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।