ਭਿਆਨਕ ਸੜਕ ਹਾਦਸੇ ‘ਚ ਗਈ ਮਾਂ-ਪੁੱਤ ਦੀ ਜਾਨ
ਚੰਡੀਗੜ੍ਹ, 1ਮਾਰਚ(ਵਿਸ਼ਵ ਵਾਰਤਾ) ਕੋਟਕਪੂਰਾ ਰੋਡ ‘ਤੇ ਪੈਂਦੇ ਪਿੰਡ ਵੜਿੰਗ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰਸ ਦੀ ਖ਼ਬਰ ਮਿਲੀ ਹੈ। ਜਿਥੇ ਜੁੜਵਾਂ ਨਹਿਰਾਂ ਕੋਲ ਦੋ ਕਾਰਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ ‘ਚ ਮਾਂ ਪੁੱਤ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦੋਵੇਂ ਕਾਰਾਂ ‘ਚ ਸਵਾਰ ਚਾਰ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਹੈ। ਮਰਨ ਵਾਲਿਆਂ ‘ਚ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੇ 35 ਸਾਲਾ ਪੀਏ ਜਗਸੀਰ ਸਿੰਘ ਅਤੇ ਉਨ੍ਹਾਂ ਦੀ 60 ਸਾਲਾ ਮਾਤਾ ਪਰਮਜੀਤ ਕੌਰ ਸ਼ਾਮਲ ਹਨ।
ਜ਼ਖਮੀਆਂ ‘ਚ ਮ੍ਰਿਤਕ ਜਗਸੀਰ ਸਿੰਘ ਦੀ 35 ਸਾਲਾ ਪਤਨੀ ਅੰਮ੍ਰਿਤਪਾਲ ਕੌਰ, 8 ਸਾਲਾ ਬੇਟੀ ਅਭਿਜੋਤ ਕੌਰ ਵਾਸੀ ਧਰਮਕੋਟ (ਮੋਗਾ), ਭਗਵੰਤ ਸਿੰਘ ਅਤੇ ਜਗਤਾਰ ਸਿੰਘ ਵਾਸੀ ਸ਼੍ਰੀਗੰਗਾਨਗਰ ਸ਼ਾਮਲ ਹਨ, ਜੋ ਕਿ ਦੂਜੀ ਕਾਰ ‘ਚ ਸਵਾਰ ਸਨ।
ਮਿਲੀ ਜਾਣਕਾਰੀ ਅਨੁਸਾਰ ਧਰਮਕੋਟ ਦੇ ਰਹਿਣ ਵਾਲੇ ਜਗਸੀਰ ਸਿੰਘ ਆਪਣੀ ਮਾਤਾ ,ਪਤਨੀ ਅਤੇ ਬੇਟੀ ਨਾਲ ਸ੍ਰੀ ਮੁਕਤਸਰ ਸਾਹਿਬ ਆਪਣੇ ਰਿਸ਼ਤੇਦਾਰੀ ‘ਚ ਨਵ ਜੰਮੇ ਬੱਚੇ ਨੂੰ ਸ਼ਗਨ ਦੇਣ ਲਈ ਆਪਣੀ ਕਾਰ ‘ਚ ਧਰਮਕੋਟ ਲਈ ਰਵਾਨਾ ਹੋਏ। ਜਦੋਂ ਉਨ੍ਹਾਂ ਦੀ ਕਾਰ ਕੋਟਕਪੂਰਾ ਰੋਡ ‘ਤੇ ਸਥਿਤ ਜੋੜੀਆਂ ਨਹਿਰਾਂ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਕਾਰ ਨਾਲ ਇਹ ਹਾਦਸਾ ਵਾਪਰ ਗਿਆ। ਇਸ ਕਾਰਨ ਦੋਵਾਂ ਕਾਰਾਂ ‘ਚ ਸਵਾਰ ਸਾਰੇ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਜ਼ਿਲਾ ਸਿਵਲ ਹਸਪਤਾਲ ਲਿਜਾਇਆ ਗਿਆ। ਜਿਥੇ ਜਗਸੀਰ ਸਿੰਘ ਤੇ ਉਸ ਦੀ ਮਾਤਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।