ਭਾਰਤ ਭੂਸ਼ਣ ਆਸ਼ੂ ਅਤੇ ਸੁੰਦਰ ਸ਼ਾਮ ਅਰੋੜਾ ਵੱਲੋਂ ਡਾਬਾ ਰੋਡ ਦੇ ਇੰਡਸਟਰੀ ਏਰੀਆ ਵਿਖੇ ਫੈਕਟਰੀ ਦੀ ਛੱਤ ਡਿੱਗਣ ਕਾਰਨ ਵਾਪਰੇ ਹਾਦਸੇ ਦਾ ਲਿਆ ਜਾਇਜ਼ਾ
– ਮੰਦਭਾਗੀ ਘਟਨਾ ਲਈ, ਦੋਸ਼ੀਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ
– 4 ਵਿਅਕਤੀ ਦੀ ਜਾਨ ਗਈ, 5 ਹਨ ਜ਼ੇਰੇ ਇਲਾਜ਼ ਤੇ ਬਾਕੀਆਂ ਨੂੰ ਮਿਲੀ ਹਸਪਤਾਲ ਤੋਂ ਛੁੱਟੀ
ਲੁਧਿਆਣਾ,6 ਅਪ੍ਰੈਲ (ਰਾਜਕੁਮਾਰ ਸ਼ਰਮਾ) – ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਅੱਜ ਸਵੇਰੇ ਬਾਬਾ ਮੁਕੰਦ ਸਿੰਘ ਨਗਰ ਵਿਖੇ ਉਸ ਜਗ੍ਹਾ ਦੇ ਦੌਰੇ ਦੌਰਾਨ ਜਾਇਜਾ ਲਿਆ, ਜਿੱਥੇ ਬੀਤੇ ਕੱਲ ਸੋਮਵਾਰ ਨੂੰ ਚਾਰ ਮੰਜ਼ਿਲਾ ਆਟੋ-ਪਾਰਟ ਫੈਕਟਰੀ ਦੀ ਛੱਤ ਢਹਿ ਗਈ ਸੀ। ਜੈਕ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਇਮਾਰਤ ਦਾ ਲੈਂਟਰ ਚੁੱਕਣ ਦੌਰਾਨ ਹੋਏ ਹਾਦਸੇ ਵਿੱਚ 4 ਮਜ਼ਦਰਾਂ ਦੀ ਮੌਤ ਹੋਈ ਹੈ ਅਤੇ 7 ਜਖ਼ਮੀ ਹੋਏ ਹਨ।
ਵਿਧਾਇਕ ਸ੍ਰੀ ਸੰਜੇ ਤਲਵਾੜ, ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ, ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਪੰਜਾਬ ਸਟੇਟ ਇੰਡਸਟ੍ਰੀਅਲ ਕਾਰਪੋਰੇਸ਼ਨ (ਪੀ.ਐਸ.ਆਈ.ਡੀ.ਸੀ) ਦੇ ਚੇਅਰਮੈਨ ਕੇ.ਕੇ. ਬਾਵਾ ਅਤੇ ਮੁੱਖ ਮੰਤਰੀ ਦੇ ਓ.ਐਸ.ਡੀ. ਸ੍ਰੀ ਅੰਕਿਤ ਬਾਂਸਲ ਦੇ ਨਾਲ ਕੈਬਨਿਟ ਮੰਤਰੀ ਨੇ ਕਿਹਾ ਇਹ ਬੜੀ ਹੀ ਮੰਦਭਾਗੀ ਤੇ ਦੁਖਦਾਈ ਘਟਨਾ ਹੈ ਤੇ ਪ੍ਰਭਾਵਿਤ ਪਰਿਵਾਰਾਂ ਅਤੇ ਹੋਰ ਜ਼ਖਮੀਆਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਹਾਦਸੇ ਸਬੰਧੀ ਕਿਸੇ ਵੀ ਸਰਕਾਰੀ ਅਧਿਕਾਰੀ ਦੀ ਅਣਗਹਿਲੀ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾਵੇਗੀ ਅਤੇ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇ ਇਸ ਦੁਰਘਟਨਾ ਵਿਚ ਸਰਕਾਰੀ ਮੁਲਾਜ਼ਮ ਜਾਂ ਕੋਈ ਹੋਰ ਵਿਅਕਤੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਹਿਲਾਂ ਹੀ ਪਟਿਆਲਾ ਡਵੀਜ਼ਨਲ ਕਮਿਸ਼ਨਰ ਦੁਆਰਾ ਉੱਚ ਪੱਧਰੀ ਜਾਂਚ, ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਮੁਆਵਜ਼ੇ ਤੋਂ ਇਲਾਵਾ }ਖਮੀ ਮਜ਼ਦੂਰਾਂ ਦਾ ਮੁਫਤ ਇਲਾਜ ਕਰਨ ਦਾ ਐਲਾਨ ਕੀਤਾ ਹੈ।
ਕੈਬਨਿਟ ਮੰਤਰੀਆਂ ਨੇ ਅੱਗੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਵਾਰਥੀ ਹਿੱਤਾਂ ਲਈ ਕਿਸੇ ਦੀ ਜਾਨ ਨੂੰ ਜੋਖਮ ਵਿਚ ਨਾ ਪਾਉਣ ਅਤੇ ਸੰਬੰਧਤ ਅਧਿਕਾਰੀਆਂ ਤੋਂ ਬਣਦੀ ਮੰਜੂਰੀ ਲੈਣ ਅਤੇ ਕਾਨੂੰਨ ਅਨੁਸਾਰ ਕੰਮ ਕਰਨ ਦੀ ਆਗਿਆ ਦੇ ਨਾਲ-ਨਾਲ ਉਸਾਰੀ ਦੌਰਾਨ ਸੁਰੱਖਿਆ ਦੇ ਸਾਰੇ ਮਾਪਦੰਡਾਂ ਨੂੰ ਵੀ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੋਵਾਂ ਮੰਤਰੀਆਂ ਨੂੰ ਦੱਸਿਆ ਕਿ ਐਨ.ਡੀ.ਆਰ.ਐਫ. ਦੇ ਨਾਲ ਐਸ.ਡੀ.ਆਰ.ਐਫ, ਨਗਰ ਨਿਗਮ, ਫਾਇਰ ਬ੍ਰਿਗੇਡ ਅਤੇ ਸਥਾਨਕ ਪੁਲਿਸ ਸੋਮਵਾਰ ਸਵੇਰ ਤੋਂ ਅਣਥੱਕ ਮਿਹਨਤ ਕਰ ਰਹੀ ਹੈ ਅਤੇ 36 ਮਜ਼ਦੂਰਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ਵਿਚੋਂ ਪੰਜ ਦਾ ਇਲਾਜ ਚੱਲ ਰਿਹਾ ਹੈ, 2 ਗੰਭੀਰ ਜ਼ਖਮੀ ਹਨ ਅਤੇ ਬਾਕੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗੰਭੀਰ ਹਾਲਤ ਵਿੱਚ ਦੋ ਵਿਅਕਤੀਆਂ ਦਾ ਐਸ.ਪੀ.ਐਸ. ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਜਦੋਂ ਕਿ ਤਿੰਨ ਸਿਵਲ ਹਸਪਤਾਲ ਲੁਧਿਆਣਾ ਵਿਖੇ ਜ਼ੇਰੇ ਇਲਾਜ ਹਨ।
ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਵੀ ਕੈਬਨਿਟ ਮੰਤਰੀ ਨੂੰ ਖੁਲਾਸਾ ਕੀਤਾ ਕਿ ਮਾਲਕ ਅਤੇ ਠੇਕੇਦਾਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਟੀਮਾਂ ਵੱਲੋਂ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਮੌਕੇ ਪ੍ਰਮੁੱਖ ਤੌਰ ‘ਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਅਮਰਜੀਤ ਸਿੰਘ ਬੈਂਸ, ਜੁਆਇੰਟ ਸੀ.ਪੀ.(ਦਿਹਾਤੀ) ਸ੍ਰੀ ਸਚਿਨ ਗੁਪਤਾ, ਐਸ.ਡੀ.ਐਮ. ਸ੍ਰੀ ਅਮਰਿੰਦਰ ਸਿੰਘ ਮੱਲ੍ਹੀ ਅਤੇ ਹੋਰ ਹਾਜ਼ਰ ਸਨ।