ਭਾਰਤ ਨੇ ਚੌਥੀ ਵਾਰ ਜਿੱਤਿਆ ਜੂਨੀਅਰ ਏਸ਼ੀਆ ਹਾਕੀ ਚੈਂਪੀਅਨ ਦਾ ਖਿਤਾਬ
ਫਾਈਨਲ ‘ਚ ਪਾਕਿਸਤਾਨ ਨੂੰ ਹਰਾਇਆ
ਚੰਡੀਗੜ੍ਹ,2ਜੂਨ(ਵਿਸ਼ਵ ਵਾਰਤਾ)-ਭਾਰਤੀ ਹਾਕੀ ਟੀਮ ਇਕ ਵਾਰ ਫਿਰ ਜੂਨੀਅਰ ਏਸ਼ੀਆ ਕੱਪ ਚੈਂਪੀਅਨ ਬਣ ਗਈ ਹੈ। ਭਾਰਤੀ ਟੀਮ ਨੇ ਓਮਾਨ ਦੇ ਸਲਾਲਾਹ ਵਿੱਚ ਖੇਡੇ ਗਏ ਫਾਈਨਲ ਵਿੱਚ ਪਾਕਿਸਤਾਨ ਨੂੰ 2-1 ਨਾਲ ਹਰਾਇਆ। ਹਾਕੀ ਇੰਡੀਆ ਦੇ ਕਾਰਜਕਾਰੀ ਬੋਰਡ ਨੇ ਖਿਡਾਰੀਆਂ ਲਈ 2 ਲੱਖ ਅਤੇ ਸਹਾਇਕ ਸਟਾਫ ਲਈ 1 ਲੱਖ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਹਾਕੀ ਇੰਡੀਆ ਦੇ ਪ੍ਰਧਾਨ ਪਦਮ ਸ਼੍ਰੀ ਦਿਲੀਪ ਟਿਰਕੀ ਨੇ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ, “ਭਾਰਤੀ ਜੂਨੀਅਰ ਪੁਰਸ਼ ਟੀਮ ਨੇ ਜੂਨੀਅਰ ਏਸ਼ੀਆ ਕੱਪ ‘ਚ ਆਪਣੇ ਜੇਤੂ ਪ੍ਰਦਰਸ਼ਨ ਨਾਲ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਮਹਿਸੂਸ ਕਰਵਾਇਆ ਹੈ। ਸੁਲਤਾਨ ਜੋਹੋਰ ਕੱਪ ‘ਚ ਇਤਿਹਾਸਕ ਜਿੱਤ ਨਾਲ ਉਨ੍ਹਾਂ ਦਾ ਦਬਦਬਾ ਕਾਇਮ ਹੋ ਗਿਆ ਹੈ ਅਤੇ ਮੈਨੂੰ ਯਕੀਨ ਹੈ ਕਿ ਇਹ ਵੱਡੀ ਜਿੱਤ ਉਨ੍ਹਾਂ ਨੂੰ ਇਸ ਸਾਲ ਦੇ ਅੰਤ ਵਿੱਚ ਜੂਨੀਅਰ ਵਿਸ਼ਵ ਕੱਪ ਲਈ ਚੰਗੀ ਸਥਿਤੀ ਵਿੱਚ ਰੱਖੇਗੀ।”
ਦੱਸ ਦਈਏ ਕਿ ਭਾਰਤ ਨੇ ਚੌਥੀ ਵਾਰ ਇਹ ਖਿਤਾਬ ਜਿੱਤਿਆ ਹੈ। ਇਸ ਨਾਲ ਭਾਰਤੀ ਟੀਮ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮ ਬਣ ਗਈ। ਇਹ ਜੂਨੀਅਰ ਏਸ਼ੀਆ ਕੱਪ ਦਾ ਨੌਵਾਂ ਸੀਜ਼ਨ ਸੀ। ਭਾਰਤੀ ਟੀਮ ਛੇਵੀਂ ਵਾਰ ਟੂਰਨਾਮੈਂਟ ਦਾ ਫਾਈਨਲ ਖੇਡ ਰਹੀ ਸੀ। ਖ਼ਿਤਾਬੀ ਮੈਚ ਵਿੱਚ ਭਾਰਤ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਦਿਖਾਈ। ਭਾਰਤ ਲਈ ਅੰਗਦਬੀਰ ਸਿੰਘ ਅਤੇ ਅਰਿਜੀਤ ਸਿੰਘ ਹੁੰਦਲ ਨੇ ਗੋਲ ਕੀਤੇ। ਜਿਸ ਨਾਲ ਭਾਰਤੀ ਟੀਮ ਨੂੰ 2-0ਦੀ ਬੜ੍ਹਤ ਮਿਲ ਗਈ। ਇਸ ਤੋਂ ਬਾਅਦ ਪਾਕਿਸਤਾਨ ਦੇ ਬਸ਼ਰਤ ਅਲੀ ਨੇ ਮੈਚ ਦੇ 38ਵੇਂ ਮਿੰਟ ਵਿੱਚ ਗੋਲ ਕਰਕੇ ਬੜ੍ਹਤ ਨੂੰ ਘੱਟ ਕਰ ਦਿੱਤਾ। ਇਸ ਤੋਂ ਬਾਅਦ ਦੋਵੇਂ ਟੀਮਾਂ ਗੋਲ ਨਹੀਂ ਕਰ ਸਕੀਆਂ ਅਤੇ ਮੈਚ ਭਾਰਤ ਦੇ ਹੱਕ ਵਿੱਚ 2-1 ਨਾਲ ਸਮਾਪਤ ਹੋ ਗਿਆ। ਭਾਰਤੀ ਟੀਮ ਨੇ ਟੂਰਨਾਮੈਂਟ ਵਿੱਚ ਕੁੱਲ 50 ਗੋਲ ਕੀਤੇ ਅਤੇ ਚੋਟੀ ਦੇ ਸਕੋਰਰ ਵਜੋਂ ਵੀ ਚੰਗਾ ਪ੍ਰਦਰਸ਼ਨ ਕੀਤਾ।