ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਸੀਰੀਜ਼ ’ਤੇ ਕੀਤਾ ਕਬਜ਼ਾ
ਰਾਂਚੀ ਟੈਸਟ 5 ਵਿਕਟਾਂ ਨਾਲ ਜਿੱਤਿਆ
ਚੰਡੀਗੜ੍ਹ,26ਫਰਵਰੀ(ਵਿਸ਼ਵ ਵਾਰਤਾ) ਭਾਰਤ ਨੇ ਰਾਂਚੀ ਟੈਸਟ ‘ਚ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਅੱਜ ਚੌਥੇ ਦਿਨ ਟੀਮ ਨੇ 5 ਵਿਕਟਾਂ ਗੁਆ ਕੇ 192 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਇਸ ਜਿੱਤ ਨਾਲ ਟੀਮ ਇੰਡੀਆ ਸੀਰੀਜ਼ ‘ਚ 3-1 ਨਾਲ ਅੱਗੇ ਹੈ, ਯਾਨੀ ਉਸ ਨੇ ਪੰਜ ਮੈਚਾਂ ਦੀ ਸੀਰੀਜ਼ ‘ਤੇ ਵੀ ਕਬਜ਼ਾ ਕਰ ਲਿਆ ਹੈ।
ਟੀਮ ਇੰਡੀਆ ਨੇ ਚੌਥੇ ਦਿਨ ਆਪਣੀ ਦੂਜੀ ਪਾਰੀ 40/0 ਦੇ ਸਕੋਰ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ। ਇਸ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਤੀਜੇ ਦਿਨ ਦੇ ਤੀਜੇ ਸੈਸ਼ਨ ‘ਚ ਦੂਜੀ ਪਾਰੀ ‘ਚ 145 ਦੌੜਾਂ ‘ਤੇ ਆਲ ਆਊਟ ਹੋ ਗਈ ਸੀ। ਭਾਰਤ ਨੂੰ ਪਹਿਲੀ ਪਾਰੀ ‘ਚ ਇੰਗਲੈਂਡ ਦੀ 46 ਦੌੜਾਂ ਦੀ ਬੜ੍ਹਤ ਦੇ ਆਧਾਰ ‘ਤੇ 192 ਦੌੜਾਂ ਦਾ ਟੀਚਾ ਮਿਲਿਆ। ਇੰਗਲੈਂਡ ਦੀ ਟੀਮ 353 ਦੌੜਾਂ ‘ਤੇ ਆਲ ਆਊਟ ਹੋ ਗਈ ਅਤੇ ਭਾਰਤੀ ਟੀਮ ਪਹਿਲੀ ਪਾਰੀ ‘ਚ 307 ਦੌੜਾਂ ‘ਤੇ ਆਲ ਆਊਟ ਹੋ ਗਈ। ਭਾਰਤ ਲਈ ਕਪਤਾਨ ਰੋਹਿਤ ਸ਼ਰਮਾ (55) ਅਤੇ ਸ਼ੁਭਮਨ ਗਿੱਲ (52*) ਨੇ ਦੂਜੀ ਪਾਰੀ ਵਿੱਚ ਅਰਧ ਸੈਂਕੜੇ ਜੜੇ। ਉਸ ਤੋਂ ਇਲਾਵਾ ਧਰੁਵ ਜੁਰੇਲ ਨੇ 39 ਦੌੜਾਂ ਦੀ ਅਜੇਤੂ ਪਾਰੀ ਖੇਡੀ। ਗਿੱਲ ਅਤੇ ਜੁਰੇਲ ਵਿਚਾਲੇ 72 ਦੌੜਾਂ ਦੀ ਅਜੇਤੂ ਸਾਂਝੇਦਾਰੀ ਹੋਈ। ਇੰਗਲੈਂਡ ਲਈ ਸ਼ੋਏਬ ਬਸ਼ੀਰ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਟਾਮ ਹਾਰਟਲੇ ਅਤੇ ਜੋ ਰੂਟ ਨੂੰ 1-1 ਵਿਕਟ ਮਿਲੀ।