ਭਾਰਤ ਦੇ ਸਾਬਕਾ ਰਾਸ਼ਟਰਪਤੀ ਵੱਲੋਂ “ਗੀਤਾ ਆਚਰਣ: ਏ ਬਿਗਨਰਸ ਪ੍ਰੋਸਪੈਕਟਿਵ” ਦਾ ਅੱਠਵਾਂ ਐਡੀਸ਼ਨ ਲਾਂਚ
ਚੰਡੀਗੜ੍ਹ, 26 ਅਪ੍ਰੈਲ (ਵਿਸ਼ਵ ਵਾਰਤਾ):- ਸੀਨੀਅਰ ਆਈ.ਏ.ਐਸ. ਅਧਿਕਾਰੀ ਕੇ. ਸਿਵਾ ਪ੍ਰਸਾਦ ਦੁਆਰਾ ਲਿਖੀ ਕਿਤਾਬ, “ਗੀਤਾ ਆਚਰਣ: ਏ ਬਿਗਨਰਸ ਪ੍ਰੋਸਪੈਕਟਿਵ” ਦੇ ਅੱਠਵੇਂ ਐਡੀਸ਼ਨ ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਦੁਆਰਾ ਵੀਰਵਾਰ ਸ਼ਾਮ ਨੂੰ ਪੰਜਾਬ ਰਾਜ ਭਵਨ ਵਿਖੇ ਪੰਜਾਬ ਦੇ ਰਾਜਪਾਲ ਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ, ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਅਤੇ ਭਾਰਤ ਦੇ ਅਡੀਸ਼ਨਲ ਸਾਲਿਸਟਰ ਜਨਰਲ ਸ਼੍ਰੀ ਸਤਿਆਪਾਲ ਜੈਨ ਦੀ ਹਾਜ਼ਰੀ ਵਿੱਚ ਰਸਮੀ ਤੌਰ ‘ਤੇ ਲਾਂਚ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਪੁਸਤਕ ਦੀ ਵਿਆਪਕ ਤੌਰ ‘ਤੇ ਪ੍ਰਸ਼ੰਸਾ ਕੀਤੀ ਗਈ ਹੈ।
“ਗੀਤਾ ਆਚਰਣ” ਦਾ ਇਹ ਐਡੀਸ਼ਨ ਅੱਠ ਭਾਰਤੀ ਭਾਸ਼ਾਵਾਂ ਅੰਗਰੇਜ਼ੀ, ਹਿੰਦੀ, ਪੰਜਾਬੀ, ਉੜੀਆ, ਬੰਗਾਲੀ, ਮਰਾਠੀ, ਤੇਲਗੂ ਅਤੇ ਗੁਜਰਾਤੀ ਵਿੱਚ ਉਪਲਬਧ ਹੋਣ ਕਰਕੇ ਇੱਕ ਮਹੱਤਵਪੂਰਨ ਮੀਲ ਸਥਾਪਤ ਕਰਦਾ ਹੈ। ਇਸ ਪੁਸਤਕ ਦੀ ਉਪਲਬਧਤਾ ਅਤੇ ਪਹੁੰਚ ਨੂੰ ਵਧਾਉਣ ਲਈ ਇਸ ਨੂੰ ਉਰਦੂ ਵਿਚ ਵੀ ਪ੍ਰਕਾਸ਼ਿਤ ਕਰਨ ਦੀ ਯੋਜਨਾ ਹੈ।
ਸ੍ਰੀ ਕੋਵਿੰਦ ਨੇ ਭਗਵਦ ਗੀਤਾ ਦੀਆਂ ਸਿੱਖਿਆਵਾਂ ਨੂੰ ਅਨੁਵਾਦ ਰਾਹੀਂ ਕਈ ਭਾਸ਼ਾਵਾਂ ਵਿੱਚ ਵਿਆਪਕ ਸਰੋਤਿਆਂ ਤੱਕ ਪਹੁੰਚਯੋਗ ਬਣਾਉਣ ਪਿੱਛੇ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਉਹਨਾਂ ਨੇ ਗੀਤਾ ਵਿੱਚ ਸਮਾਏ ਸਦੀਵੀ ਗਿਆਨ ਦੀ ਡੂੰਘੀ ਸਮਝ ਨੂੰ ਉਤਸ਼ਾਹਿਤ ਕਰਨ ਵਿੱਚ “ਗੀਤਾ ਆਚਰਣ” ਵਰਗੀਆਂ ਪਹਿਲਕਦਮੀਆਂ ਦੀ ਮਹੱਤਤਾ ਨੂੰ ਉਜਾਗਰ ਕੀਤਾ।
ਪੰਜਾਬ ਦੇ ਰਾਜਪਾਲ ਦੇ ਵਧੀਕ ਮੁੱਖ ਸਕੱਤਰ ਕੇ. ਸ਼ਿਵਾ ਪ੍ਰਸਾਦ ਦੁਆਰਾ ਲਿਖਿਆ “ਗੀਤਾ ਆਚਰਣ: ਏ ਬਿਗਨਰਸ ਪ੍ਰੋਸਪੈਕਟਿਵ” ਛੋਟੇ-ਛੋਟੇ ਲੇਖਾਂ ਰਾਹੀਂ ਗੁੰਝਲਦਾਰ ਦਾਰਸ਼ਨਿਕ ਸਿਧਾਂਤਾਂ ਨੂੰ ਸਰਲ ਤਰੀਕੇ ਨਾਲ ਪੇਸ਼ ਕਰਦਾ ਹੈ। ਪੱਛਮੀ ਸੋਚ ਦੀਆਂ ਪ੍ਰਕਿਰਿਆਵਾਂ ਅਤੇ ਵਿਵਹਾਰ ਵਿਗਿਆਨ ਵਿੱਚ ਤਿੰਨ ਦਹਾਕਿਆਂ ਤੋਂ ਵੱਧ ਦੇ ਤਜਰਬੇ ਅਤੇ ਅੰਤਰ-ਅਨੁਸ਼ਾਸਨੀ ਅਧਿਐਨਾਂ ਦੇ ਮਾਹਰ ਸ੍ਰੀ ਪ੍ਰਸਾਦ ਦਾ ਉਦੇਸ਼ ਆਪਣਾ ਸਫ਼ਰ ਸ਼ੁਰੂ ਕਰਨ ਵਾਲਿਆਂ, ਖਾਸ ਕਰਕੇ ਨੌਜਵਾਨਾਂ, ਨੂੰ ਜੀਵਨ ਦੀਆਂ ਚੁਣੌਤੀਆਂ ਨੂੰ ਸਰਲ ਢੰਗ ਨਾਲ ਨਜਿੱਠਣ ਯੋਗ ਬਣਾਉਣਾ ਹੈ।
ਆਧੁਨਿਕ ਵਿਗਿਆਨਕ ਸਮਝ ਨਾਲ ਅਧਿਆਤਮਿਕਤਾ ਦੇ ਸੰਯੋਗ ਵਾਲੀ ਇਸ ਕਿਤਾਬ ਦੀ ਵਿਲੱਖਣ ਪਹੁੰਚ ਨੇ ਵਿਆਪਕ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ। ਸ੍ਰੀ ਪ੍ਰਸਾਦ ਦਾ ਹਫ਼ਤਾਵਾਰੀ ਕਾਲਮ, ਜੋ ਗੀਤਾ ਦਾ ਸਮਕਾਲੀ ਵਿਗਿਆਨਕ ਸੰਦਰਭ ਵਿੱਚ ਵਿਆਖਿਆ ਕਰਦਾ ਹੈ, ਭਾਰਤ ਭਰ ਦੇ ਪ੍ਰਮੁੱਖ ਅਖਬਾਰਾਂ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਇਹ ਅਧਿਆਤਮਿਕ ਸਮਝ ਨੂੰ ਹੋਰ ਭਰਪੂਰ ਕਰਦਾ ਹੈ।
“ਗੀਤਾ ਆਚਰਣ: ਏ ਬਿਗਨਰਸ ਪ੍ਰੋਸਪੈਕਟਿਵ” ਉਹਨਾਂ ਲਈ ਇੱਕ ਵਿਆਪਕ ਮਾਰਗਦਰਸ਼ਕ ਵਜੋਂ ਕੰਮ ਕਰਦਾ ਹੈ ਜੋ ਗੀਤਾ ਦੀ ਡੂੰਘੀ ਸੂਝ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਸ਼ਾਮਲ ਕਰਨਾ ਚਾਹੁੰਦੇ ਹਨ। ਕਈ ਭਾਸ਼ਾਵਾਂ ਵਿੱਚ ਇਸ ਕਿਤਾਬ ਦੀ ਉਪਲਬਧਤਾ ਇਸ ਦੇ ਸਦੀਵੀ ਗਿਆਨ ਨੂੰ ਵਿਸ਼ਵ ਭਰ ਵਿੱਚ ਵਿਭਿੰਨ ਦਰਸ਼ਕਾਂ ਲਈ ਪਹੁੰਚਯੋਗ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
——-