ਭਾਰਤ ਦੇ ਅਮਨਦੀਪ ਸਿੰਘ ਗਿੱਲ ਨੂੰ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਨੇ ਨਿਯੁਕਤ ਕੀਤਾ ਆਪਣਾ ਟੈਕਨੋਲੋਜੀ ਰਾਜਦੂਤ
ਗਿੱਲ ਨੇ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਹੈ ਪੜ੍ਹਾਈ
ਚੰਡੀਗੜ੍ਹ,11ਜੂਨ(ਵਿਸ਼ਵ ਵਾਰਤਾ)-ਭਾਰਤ ਦੇ ਅਮਨਦੀਪ ਸਿੰਘ ਗਿੱਲ ਨੂੰ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਜ਼ ਦੇ ਟੈਕਨੋਲੋਜੀ ਬਾਰੇ ਰਾਜਦੂਤ ਨਿਯੁਕਤ ਕੀਤਾ ਗਿਆ ਹੈ।ਅਮਨਦੀਪ ਸਿੰਘ ਗਿੱਲ 2018 ਤੋਂ 2019 ਤੱਕ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਦੇ ਉੱਚ-ਪੱਧਰੀ ਪੈਨਲ ਦੇ ਕਾਰਜਕਾਰੀ ਨਿਰਦੇਸ਼ਕ ਤੋਂ ਇਲਾਵਾ ਕੋ-ਲੀਡ ਵੀ ਰਹਿ ਚੁੱਕੇ ਹਨ। ਗਿੱਲ ਨੇ 1992 ਵਿੱਚ ਭਾਰਤ ਦੀ ਡਿਪਲੋਮੈਟਿਕ ਸੇਵਾ ਜੁਆਇਨ ਕੀਤੀ ਸੀ ਅਤੇ ਉਸਤੋਂ ਬਾਅਦ ਤਹਿਰਾਨ ਅਤੇ ਕੋਲੰਬੋ ਵਿੱਚ ਪੋਸਟਿੰਗ ਦੇ ਨਾਲ ਨਾਲ ਸੰਯੁਕਤ ਰਾਸ਼ਟਰ ਵਿੱਚ ਵੀ ਕਈ ਆਹੁਦਿਆਂ ਤੇ ਸੇਵਾਵਾਂ ਨਿਭਾ ਚੁੱਕੇ ਹਨ। ਇਸ ਦੇ ਨਾਲ ਹੀ ਦੱਸਣਾ ਬਣਦਾ ਹੈ ਕਿ ਗਿੱਲ ਨੇ ਕਿੰਗਜ਼ ਕਾਲਜ, ਲੰਡਨ ਤੋਂ ਬਹੁਪੱਖੀ ਫੋਰਮਾਂ ਵਿੱਚ ਨਿਊਕਲੀਅਰ ਲਰਨਿੰਗ ਵਿੱਚ ਪੀਐਚਡੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਇਲੈਕਟ੍ਰੋਨਿਕਸ ਅਤੇ ਇਲੈਕਟ੍ਰੀਕਲ ਕਮਿਊਨੀਕੇਸ਼ਨਜ਼ ਵਿੱਚ ਬੈਚਲਰ ਆਫ਼ ਟੈਕਨਾਲੋਜੀ ਅਤੇ ਜਿਨੀਵਾ ਯੂਨੀਵਰਸਿਟੀ ਤੋਂ ਫ੍ਰੈਂਚ ਇਤਿਹਾਸ ਅਤੇ ਭਾਸ਼ਾ ਵਿੱਚ ਐਡਵਾਂਸਡ ਡਿਪਲੋਮਾ ਕੀਤਾ ਹੈ ਅਤੇ ਉਹ ਅੰਗਰੇਜ਼ੀ, ਫ੍ਰੈਂਚ ਹਿੰਦੀ ਅਤੇ ਪੰਜਾਬੀ ਵਿੱਚ ਵਿੱਚ ਮੁਹਾਰਤ ਰੱਖਦੇ ਹਨ। ਇਹਨਾਂ ਗੱਲਾਂ ਦਾ ਖੁਲਾਸਾ ਸੰਯੁਕਤ ਰਾਸ਼ਟਰ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਵਿੱਚ ਕੀਤਾ ਗਿਆ ਹੈ।