ਭਾਰਤ ਦੀ ਅਣਗੌਲੀ ਨਾਇਕਾ ਪਹਿਲੀ ਔਰਤ ਅਧਿਆਪਕਾ ਸਵਿੱਤਰੀ ਬਾਈ ਫੁੱਲੇ ਦੇ ਜਨਮਦਿਨ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ
ਮਾਨਸਾ 5 ਜਨਵਰੀ :(ਵਿਸ਼ਵ ਵਾਰਤਾ)-ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਸਵਿੱਤਰੀ ਬਾਈ ਫੁੱਲੇ ਨੂੰ ਉਹਨਾਂ ਦੇ ਜਨਮਦਿਨ ਤੇ ਯਾਦ ਕਰਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਸੱਦਾ ਸਿੰਘ ਵਾਲਾ ਵਿਖੇ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਦੇ ਅਧਿਆਪਕਾਂ , ਬੁੱਧੀਜੀਵੀਆਂ ਅਤੇ ਅਗਾਹਵਧੂ ਸੋਚ ਵਾਲੇ ਲੋਕਾਂ ਨੇ ਸਵਿੱਤਰੀ ਬਾਈ ਫੁੱਲੇ ਨੂੰ ਫੁੱਲ ਮਾਲਾਵਾਂ ਪਹਿਨਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।ਪ੍ਰੋਗਰਾਮ ਦੀ ਸੁਰੂਆਤ ਅਮੋਲਕ ਦੇਲੂਆਣਾ ਦੇ ਸੁਆਗਤੀ ਸ਼ਬਦਾਂ ਨਾਲ ਹੋਈ।ਇਸ ਤੋਂ ਬਾਅਦ ਕਹਾਣੀਕਾਰ ਦਰਸਨ ਜੋਗਾ ਨੇ ਮਹਿਮਾਨ ਬੁਲਾਰਿਆਂ ਬਾਰੇ ਜਾਣ ਪਹਿਚਾਣ ਕਰਵਾਈ।
ਇਸ ਸਮੇਂ ਹਾਜਰ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਸਿੱਧ ਕਥਾਕਾਰ ਅਤੇ ਚਿੰਤਕ ਸਾਂਵਲ ਧਾਮੀ ਨੇ ਕਿਹਾ ਕਿ ਅੱਜ ਦੀ ਔਰਤ ਸਿੱਖਿਆ ਅਤੇ ਅਜਾਦੀ ਦੇ ਹੱਕ ਲਈ ਸਵਿੱਤਰੀ ਬਾਈ ਫੁੱਲੇ ਨੇ ਅਣਥੱਕ ਸੰਘਰਸ਼ ਕੀਤਾ । ਪ੍ਰੰਤੂ ਇਤਿਹਾਸ ਦੀ ਇਸ ਨਾਇਕਾ ਨੂੰ ਸਮੇਂ ਦੇ ਹਾਕਮਾਂ ਨੇ ਅਣਗੋਲਿਆਂ ਕੀਤਾ ਹੋਇਆ ਹੈ । ਇਸ ਲਈ ਅਗਾਹਵਧੂ ਲੋਕਾਂ ਦਾ ਫਰਜ ਬਣਦਾ ਹੈ ਕਿ ਹੈ ਕਿ ਉਹ ਸਵਿੱਤਰੀ ਬਾਈ ਫੁੱਲੇ ਦੇ ਯੋਗਦਾਨ ਨੂੰ ਲੋਕਾਂ ‘ਚ ਲੈ ਕੇ ਜਾਣ ਤਾਂ ਜੋ ਹੋਰ ਔਰਤਾਂ ਵੀ ਉਹਨਾਂ ਤੋਂ ਪ੍ਰੇਰਨਾ ਲੈ ਸਕਣ।ਉਹਨਾਂ ਸੁਝਾਅ ਦਿੱਤਾ ਅਧਿਆਪਕ ਦੀ ਪਹਿਚਾਣ ਲਈ ਸਵਿੱਤਰੀ ਬਾਈ ਫੁੱਲੇ ਦੀ ਫੋਟੋ ਵਾਲਾ ਲੋਗੋ ਬਣਾਇਆ ਜਾਣਾ ਚਾਹੀਦਾ ਹੈ।
ਪ੍ਰਸਿੱਧ ਕਵਿੱਤਰੀ ਅਤੇ ਨਾਰੀਵਾਦੀ ਚਿੰਤਕ ਨੀਤੂ ਅਰੋੜਾ ਨੇ ਕਿਹਾ ਕਿ ਇਸ ਅਣਗੋਲੀ ਨਾਇਕਾ ਦੇ ਸੰਘਰਸ ਬਾਰੇ ਹਰ ਇੱਕ ਔਰਤ ਨੂੰ ਪਤਾ ਹੋਣਾ ਲਾਜਮੀ ਹੈ। ਉਹਨਾਂ ਕਿਹਾ ਅੱਜ ਵੀ ਔਰਤਾਂ ਦੀ ਹਾਲਤ ਵਿੱਚ ਕੋਈ ਜਿਅਦਾ ਫਰਕ ਨਹੀ ਆਇਆ ਹੈ। ਜਾਤੀਗਤ ਸਮਾਜ ‘ਚ ਜੋ ਸੰਤਾਪ ਦਲਿਤਾਂ ਨੂੰ ਹੰਢਾਉਣਾ ਪੈ ਰਿਹਾ , ਔਰਤ ਵੀ ਅੱਜ ਉਸੇ ਤਰਾਂ ਦਾ ਸੰਤਾਪ ਹੰਢਾਂ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਸਮਿਆਂ ‘ਚ ਜੋ ਗੰਦਗੀ ਸਵਿੱਤਰੀ ਬਾਈ ਫੁੱਲੇ ਤੇ ਸੁੱਟੀ ਜਾਂਦੀ ਸੀ ,ਉਹ ਅੱਜ ਵੀ ਲੀਹ ਪਾੜ ਕੇ ਚੱਲਣ ਵਾਲੀਆਂ ਔਰਤਾਂ ਦੇ ਚਰਿੱਤਰ ਤੇ ਸੁੱਟੀ ਜਾਂਦੀ ਹੈ ਸਿਰਫ ਗੰਦਗੀ ਦਾ ਰੂਪ ਬਦਲਿਆ ਹੈ।
ਮਹਾਰਾਜਾ ਸਿਆਜੀ ਰਾਓ ਯੂਨੀਵਰਸਿਟੀ ਬੜੌਦਾ , ਗੁਜਰਾਤ ਦੇ ਸਾਬਕਾ ਇਤਿਹਾਸ ਪ੍ਰੋਫੈਸ਼ਰ ਰਾਜ ਕੁਮਾਰ ਹੰਸ ਨੇ ਇਤਿਹਾਸਕ ਹਵਾਲਿਆਂ ਨਾਲ ਦੱਸਿਆ ਕਿ ਅੱਜ ਵੀ ਚਿੰਤਨ ਦੇ ਖੇਤਰ ਚ ਦਲਿਤ ਔਰਤਾਂ ਦੀ ਸਥਿਤੀ ਚਿੰਤਾਜਨਕ ਹੈ। ਜਾਤੀਵਾਦੀ ਵਿਵਸਥਾ ਅੱਜ ਵੀ ਦਲਿਤ ਔਰਤਾਂ ਦੇ ਵਿਕਾਸ ਦੇ ਰਾਹ ;ਚ ਰੋੜਾ ਹੈ। ਇਸ ਲਈ ਜਾਤੀਵਾਦੀ ਵਿਵਸਥਾ ਦਾ ਅੱਤ ਕੀਤੇ ਬਿਨਾ ਸਵਿੱਤਰੀ ਬਾਈ ਫੁੱਲੇ ਦੇ ਸੁਪਨਿਆਂ ਨੂੰ ਸਾਕਾਰ ਨਹੀਂ ਕੀਤਾ ਜਾ ਸਕਦਾ। ਸਟੇਜ ਸੰਚਾਲਕ ਦੀ ਭੂਮਿਕਾ ਸ਼ਿਵਾਲੀ ਨੇ ਬਾਖੂਬੀ ਨਿਭਾਈ ।
ਡੈਮੋਕਰੇਟਿਕ ਟੀਚਰਜ ਫਰੰਟ ਦੇ ਸੂਬਾ ਪ੍ਰਧਾਨ ਦਵਿੰਦਰ ਪੂਨੀਆਂ ਨੇ ਕਿਹਾ ਕਿ ਸਭ ਨੂੰ ਸਿੱਖਿਆ ਦੇਣ ਦੀ ਬਜਾਏ ਸਵਿੱਤਰੀ ਬਾਈ ਫੁੱਲੇ ਸੁਪਨਿਆਂ ਦੇ ਉੱਲਟ ਅੱਜ ਦੀਆਂ ਸਰਕਾਰਾਂ ਸਿੱਖਿਆਂ ਨੂੰ ਸਿਰਫ ਖਾਂਦੇ ਪੀਂਦੇ ਲੋਕਾਂ ਤੱਕ ਸੀਮਤ ਕਰਨਾ ਚਾਹੁੰਦੀ ਹੈ। ਅਧਿਆਪਕ ਜਥੇਬੰਦੀ ਡੀ ਟੀ ਐੱਫ ਸਿੱਖਿਆ ਨੂੰ ਬਚਾਉਣ ਲਈ ਹਰ ਤਰਾਂ ਦਾ ਸੰਘਰਸ ਲੜਨ ਲਈ ਤਿਅਰ ਰਹੇਗੀ ।