ਭਾਰਤੀ ਰਿਜ਼ਰਵ ਬੈਂਕ ਵੱਲੋਂ ਰੈਪੋ ਦਰ ’ਚ ਵਾਧਾ
ਪੜ੍ਹੋ, ਹੋਮ ਲੋਨ, ਆਟੋ ਅਤੇ ਪਰਸਨਲ ਲੋਨ ਤੇ ਕੀ ਹੋਵੇਗਾ ਅਸਰ
ਨਵੀਂ ਦਿੱਲੀ, 7 ਦਸੰਬਰ(ਵਿਸ਼ਵ ਵਾਰਤਾ)-ਵਧਦੀ ਮਹਿੰਗਾਈ ਤੋਂ ਚਿੰਤਤ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਰੈਪੋ ਦਰ ਵਿੱਚ 0.35% ਦਾ ਵਾਧਾ ਕੀਤਾ ਹੈ। ਇਸ ਕਾਰਨ ਰੇਪੋ ਦਰ 5.90% ਤੋਂ ਵਧ ਕੇ 6.25% ਹੋ ਗਈ ਹੈ। ਯਾਨੀ ਹੋਮ ਲੋਨ ਤੋਂ ਲੈ ਕੇ ਆਟੋ ਅਤੇ ਪਰਸਨਲ ਲੋਨ ਤੱਕ ਸਭ ਕੁਝ ਮਹਿੰਗਾ ਹੋ ਜਾਵੇਗਾ ਅਤੇ ਜ਼ਿਆਦਾ EMI ਦਾ ਭੁਗਤਾਨ ਕਰਨਾ ਹੋਵੇਗਾ। ਵਿਆਜ ਦਰਾਂ ‘ਤੇ ਫੈਸਲਾ ਲੈਣ ਲਈ 5 ਦਸੰਬਰ ਤੋਂ ਮੁਦਰਾ ਨੀਤੀ ਕਮੇਟੀ ਦੀ ਬੈਠਕ ਚੱਲ ਰਹੀ ਸੀ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਵਿਆਜ ਦਰਾਂ ਨਾਲ ਸਬੰਧਤ ਘੋਸ਼ਣਾ ਕੀਤੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਸਤੰਬਰ ‘ਚ ਹੋਈ ਬੈਠਕ ‘ਚ ਵਿਆਜ ਦਰਾਂ 5.40 ਫੀਸਦੀ ਤੋਂ ਵਧਾ ਕੇ 5.90 ਫੀਸਦੀ ਕੀਤੀਆਂ ਗਈਆਂ ਸਨ। ਮੁਦਰਾ ਨੀਤੀ ਦੀ ਮੀਟਿੰਗ ਹਰ ਦੋ ਮਹੀਨੇ ਬਾਅਦ ਹੁੰਦੀ ਹੈ। ਇਸ ਵਿੱਤੀ ਸਾਲ ਦੀ ਪਹਿਲੀ ਬੈਠਕ ਅਪ੍ਰੈਲ ‘ਚ ਹੋਈ ਸੀ। ਫਿਰ ਆਰਬੀਆਈ ਨੇ ਰੈਪੋ ਰੇਟ ਨੂੰ 4% ‘ਤੇ ਸਥਿਰ ਰੱਖਿਆ ਸੀ। ਪਰ ਰਿਜ਼ਰਵ ਬੈਂਕ ਨੇ 2 ਅਤੇ 3 ਮਈ ਨੂੰ ਐਮਰਜੈਂਸੀ ਮੀਟਿੰਗ ਬੁਲਾ ਕੇ ਰੈਪੋ ਦਰ ਨੂੰ 0.40% ਵਧਾ ਕੇ 4.40% ਕਰ ਦਿੱਤਾ ਸੀ।