ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਸੂਬਾ ਕਮੇਟੀ ਦੀ ਮੀਟਿੰਗ ‘ਚ ਲਿਆ ਅਹਿਮ ਫੈਸਲਾ
ਚੰਡੀਗੜ੍ਹ, 8 ਅਗਸਤ (ਵਿਸ਼ਵ ਵਾਰਤਾ)- ਸ਼ਹੀਦ ਕਿਰਨਜੀਤ ਕੌਰ ਕਤਲ ਦਾ 25ਵਾਂ ਸ਼ਰਧਾਂਜਲੀ ਸਮਾਗਮ ਮਨਾਉਣ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੰਜਾਬ ਵੱਲੋਂ ਪੂਰੀ ਤਨਦੇਹੀ ਨਾਲ ਵੱਡੀ ਗਿਣਤੀ ਵਿੱਚ ਸਮੁੱਚੇ ਪੰਜਾਬ ਵਿੱਚ ਕਾਫਲਿਆਂ ਸਮੇਤ ਭਾਗ ਲੈਣ ਦਾ ਫੈਸਲਾ ਕੀਤਾ ਗਿਆ। ਇਹ ਸੂਬੇ ਦੀ ਮੀਟਿੰਗ ਵਿਚ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਮਹਿਲਕਲਾਂ ਲੋਕ ਘੋਲ ਦੇ ਇਤਿਹਾਸ ਵਿੱਚ 25 ਸਾਲ ਤੋਂ ਪਿੰਡਾਂ ਦੀਆਂ ਕਿਸਾਨ-ਮਜਦੂਰ ਮਰਦ-ਔਰਤਾਂ ਵੱਲੋਂ ਨਿਭਾਈ ਜਾ ਰਹੀ ਮਿਸਾਲੀ ਭੂਮਿਕਾ ਦੀ ਜੋਰਦਾਰ ਸ਼ਲਾਘਾ ਕੀਤੀ। ਸੂਬਾਈ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ, ਗੁਰਦੀਪ ਰਾਮਪੁਰਾ, ਗੁਰਮੀਤ ਭੱਟੀਵਾਲ ਨੇ ਔਰਤ ਮੁਕਤੀ ਦਾ ਚਿੰਨ੍ਹ ਬਣੀ ਕਿਰਨਜੀਤ ਕੌਰ ਦੀ ਜੂਝ ਮਰਨ ਦੀ ਭਾਵਨਾ ਨੂੰ ਪ੍ਰੇਰਨਾ ਸਰੋਤ ਦੱਸਿਆ। ਕਾਤਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਾਉਣ,ਮਿਸਾਲੀ ਸਜਾਵਾਂ ਦਿਵਾਉਣ ਤੋਂ ਵੀ ਅੱਗੇ ਤਿੰਨ ਲੋਕ ਆਗੂਆਂ ਦੀ ਨਿਹੱਕੀ ਉਮਰ ਕੈਦ ਸਜਾ ਰੱਦ ਕਰਾਉਣ ਦੇ ਅਹਿਮ ਫੈਸਲਾਕੁੰਨ ਪੜਾਅ ਤੱਕ ਐਕਸ਼ਨ ਕਮੇਟੀ ਮਹਿਲਕਲਾਂ ਦੀ ਢਾਲ ਤੇ ਤਲਵਾਰ ਬਨਣ ਦੇ ਕੁਰਬਾਨੀ ਭਰੇ ਹਰ ਕਦਮ ਨੂੰ ਸਲਾਮ ਕੀਤੀ। ਇਸ ਵਾਰੀ ਕਿਰਨਜੀਤ ਦੀ ਬਰਸੀ ਵੱਖਰੇ ਅੰਦਾਜ਼ ਤੇ ਭਰਵੇਂ ਜੋਸ਼ੀਲੇ ਰੂਪ ਵਿਚ ਹੋਵੇਗੀ। ਇਸ ਵਿਚ ਸਾਰੇ ਜ਼ਿਲ੍ਹਿਆਂ ਤੋਂ ਵੱਡੀ ਪੱਧਰ ‘ਤੇ ਜਥੇਬੰਦੀ ਦੇ ਵਰਕਰ ਪਹੁੰਚਣਗੇ। ਬਿਜਲੀ ਸੋਧ ਬਿੱਲ ਲੋਕ ਸਭਾ ਵਿਚ ਪੇਸ਼ ਕਰਨਾ ਕਿਸਾਨਾਂ ਨਾਲ ਵਾਅਦਾਖਿਲਾਫੀ ਹੈ। ਇਸ ਦਾ ਡਟਕੇ ਸਾਂਝੇ ਘੋਲਾਂ ਰਾਹੀਂ ਵਿਰੋਧ ਕੀਤਾ ਜਾਵੇਗਾ ਅਤੇ ਪਹਿਲਾਂ ਦੀ ਤਰ੍ਹਾਂ ਤਿੰਨ ਕਾਨੂੰਨਾਂ ਵਾਲਾ ਹਾਲ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਨਹੀਂ ਤਾਂ ਸਰਕਾਰ ਇਸ ਬਿੱਲ ਨੂੰ ਵਾਪਸ ਲੈ ਲਵੇ। ਦੂਸਰੇ ਇਕ ਵਿਸ਼ੇਸ਼ ਸਰਬਸੰਮਤੀ ਨਾਲ ਪਾਸ ਮਤੇ ਵਿਚ 16 ਅਗਸਤ ਨੂੰ ਅਗਨੀਪੰਥ ਦੇ ਵਿਰੋਧ ਵਿਚ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸਮੂਹ ਰੂਪ ਵਿਚ ਮਿਲ ਕੇ ਸੰਯੁਕਤ ਮੋਰਚੇ ਵਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਜਾਣਗੇ। ਜਿਸ ਵਿਚ ਬੀ.ਕੇ.ਯੂ. ਡਕੌਦਾ ਦੇ ਵਰਕਰ ਵੱਧ ਚੜ੍ਹ ਕੇ ਸ਼ਮੂਲੀਅਤ वे ਕਰਨਗੇ। ਤੀਸਰੇ ਦੇਸ਼ ਪੱਧਰੀ ਹੋ ਰਹੇ ਪ੍ਰੋਗਰਾਮ ਸਬੰਧੀ ਫੈਸਲਾ ਕੀਤਾ ਗਿਆ ਕਿ 18,19 ਅਤੇ 20 ਅਗਸਤ ਨੂੰ 2000 ਤੋਂ ਵੱਧ ਮਰਦ ਅਤੇ ਔਰਤਾਂ ਇਸ ਤਿੰਨ ਰੋਜ਼ਾ ਧਰਨੇ ਵਿਚ ਪੁਰਜ਼ੋਰ ਸ਼ਮੂਲੀਅਤ ਕਰਨਗੇ। ਯਾਦ ਰਹੇ ਉਥੋਂ ਦੇ ਕਿਸਾਨਾਂ ਤੋਂ ਝੂਠੇ ਕਤਲ ਕੇਸ ਵਾਪਸ ਕਰਵਾਉਣ ਅਤੇ ਬੀਜੇਪੀ ਵਲੋਂ ਗਿਣੀ ਮਿਥੀ ਸਾਜ਼ਿਸ਼ ਤਹਿਤ ਚਾਰ ਕਿਸਾਨਾਂ ਅਤੇ ਇਕ ਪੱਤਰਕਾਰ ਦੇ ਕੀਤੇ ਕਤਲ ਦੀ ਸਜ਼ਾ ਬੀਜੇਪੀ ਦੇ ਆਗੂਆਂ ਨੂੰ ਸਮੇਤ ਕੇਂਦਰੀ ਮੰਤਰੀ ਮਿਸ਼ਰਾ ਨੂੰ ਦਿਵਾਉਣ ਲਈ ਇਹ ਸੰਘਰਸ਼ ਉਲੀਕਿਆ ਗਿਆ ਹੈ।
ਬੇਮੌਸਮੀ ਬਾਰਸਾਂ ਅਤੇ ਹੜ੍ਹਾਂ ਨਾਲ ਖਾਸ ਤੌਰ ‘ਤੇ ਫਾਜ਼ਿਲਕਾ ਅਤੇ ਮੁਕਤਸਰ ਜ਼ਿਲ੍ਹਿਆਂ ਦੇ ਇਲਾਕਿਆਂ ਵਿਚ ਤਾਜ਼ਾ ਹੋਈਆਂ ਫਸਲਾਂ ਖਰਾਬ ਦਾ ਮੁਆਵਜ਼ਾ ਪੰਜਾਬ ਸਰਕਾਰ ਤੁਰੰਤ ਜਾਰੀ ਕਰੇ। ਇਕ ਵਿਸ਼ੇਸ਼ ਮਤੇ ਵਿਚ ਨੋਟਿਸ ਲਿਆ ਗਿਆ ਕਿ ਹੁਣ ਅਤੇ ਪਿਛਲੇ ਦੋ ਮੁੱਖ ਮੰਤਰੀਆਂ ਨੇ ਕੀਤੇ ਵਾਅਦੇ ਤੇ ਐਲਾਨ ਲਾਗੂ ਨਹੀਂ ਹੋ ਰਹੇ ਜਿਵੇਂ ਕਿ ਕਰਜ਼ੇ ਦੇ ਇਵਜ਼ ਵਜੋਂ ਜ਼ਮੀਨ ਦੀ ਕੁਰਕੀ ਤੇ ਨਿਲਾਮੀ ਹਾਲੇ ਵੀ ਜਾਰੀ ਹੈ ਇਹ ਤੁਰੰਤ ਬੰਦ ਕੀਤੀ ਜਾਵੇ। ਇਹ ਸਾਰੇ ਕੁਝ ਸਬੰਧੀ ਸੂਬਾ ਕਮੇਟੀ ਇਸ ਸਿੱਟੇ ‘ਤੇ ਪਹੁੰਚੀ ਹੈ ਕਿ ਸੰਯੁਕਤ ਮੋਰਚੇ ਵਲੋਂ ਪੰਚਾਇਤ ਮੰਤਰੀ ਰਾਹੀਂ ਭੇਜੇ ਮੁੱਖ ਮੰਤਰੀ ਨੂੰ 53 ਸੂਤਰੀ ਮੰਤਰੀ ਪੱਤਰ ‘ਤੇ ਗੱਲਬਾਤ ਕਰਕੇ ਸਰਕਾਰ ਮਸਲਿਆਂ ਦਾ ਹੱਲ ਕਰੇ। ਨਹੀਂ ਤਾਂ ਫਿਰ ਸਤੰਬਰ ਮਹੀਨੇ ਦੌਰਾਨ ਵੱਡੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
ਇਸ ਮੀਟਿੰਗ ਵਿਚ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਅਤੇ ਗੁਰਦੀਪ ਸਿੰਘ ਰਾਮਪੁਰਾ, ਸੂਬਾ ਖ਼ਜ਼ਾਨਚੀ ਰਾਮ ਸਿੰਘ ਮਟੋਰੜਾ, ਮੀਤ ਪ੍ਰਧਾਨ ਦਰਸ਼ਨ ਸਿੰਘ ਰਾਏਸਰ, ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਦਰਸ਼ਨ ਸਿੰਘ ਉੱਗੋਕੇ, ਮਹਿੰਦਰ ਸਿੰਘ ਕਮਾਲਪੁਰਾ, ਪਰਮਿੰਦਰ ਸਿੰਘ, ਬਲਦੇਵ ਸਿੰਘ ਭਾਈਰੂਪਾ, ਬਲਵਿੰਦਰ ਜੇਠੂਕੇ,ਗੁਰਮੇਲ ਸਿੰਘ ਢਕੜੱਬਾ, ਕਰਮ ਸਿੰਘ ਬਲਿਆਲ, ਧਰਮਪਾਲ ਸਿੰਘ ਰੋੜੀਕਪੂਰਾ, ਗੁਲਜਾਰ ਸਿੰਘ ਕਬਰਵੱਛਾ, ਗੁਰਦੇਵ ਸਿੰਘ ਮਾਂਗੇਵਾਲ, ਮਹਿੰਦਰ ਸਿੰਘ ਭੈਣੀਬਾਘਾ ਅਤੇ ਵਿਸ਼ੇਸ਼ ਤੌਰ ‘ਤੇ ਐਡਵੋਕੇਟ ਬਲਬੀਰ ਕੌਰ ਮਾਨਸਾ ਆਦਿ ਆਗੂ ਵੀ ਹਾਜਰ ਸਨ।