ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਹਮਾਇਤ ਵਿੱਚ ਜਾਮ ਕੀਤੇ 32 ਟੌਲ ਪਲਾਜੇ
ਚੰਡੀਗੜ੍ਹ, 5 ਜਨਵਰੀ (ਵਿਸ਼ਵ ਵਾਰਤਾ)- :ਕਈ ਹਫ਼ਤਿਆਂ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਾਫ਼ੀ ਟੌਲ ਪਲਾਜੇ ਜਾਮ ਕਰਨ ਦੇ ਲੋਕ ਪੱਖੀ ਐਕਸ਼ਨ ਦੀ ਹਮਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਅੱਜ 32 ਟੌਲ ਪਲਾਜ਼ਿਆਂ ‘ਤੇ 12 ਤੋਂ 3 ਵਜੇ ਤੱਕ ਐਕਸ਼ਨ ਕੀਤਾ ਗਿਆ।
ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਕੁੱਝ ਥਾਵਾਂ ‘ਤੇ ਹਮਾਇਤੀ ਸ਼ਮੂਲੀਅਤ ਕੀਤੀ ਗਈ ਅਤੇ ਬਾਕੀ ਸਭ ਥਾਂਵਾਂ ‘ਤੇ ਜਥੇਬੰਦੀ ਵੱਲੋਂ ਟੌਲ ਪਲਾਜੇ ਜਾਮ ਕੀਤੇ ਗਏ। ਜਥੇਬੰਦੀ ਅਨੁਸਾਰ ਬਹੁਤੀਆਂ ਥਾਵਾਂ ‘ਤੇ ਔਰਤਾਂ ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਅਤੇ ਇਨਸਾਫਪਸੰਦ ਲੋਕ ਸ਼ਾਮਲ ਹੋਏ। ਕਈ ਥਾਵਾਂ ‘ਤੇ ਹਮਾਇਤੀ ਜਥੇਬੰਦੀਆਂ ਜਲ ਸਪਲਾਈ ਠੇਕਾ ਕਾਮੇ, ਪੀ ਆਰ ਟੀ ਸੀ ਮੁਲਾਜ਼ਮ, ਬਿਜਲੀ ਕਾਮੇ,ਖੇਤ ਮਜ਼ਦੂਰ ਅਤੇ ਹੋਰਨਾਂ ਕਿਰਤੀ ਤਬਕਿਆਂ ਨੇ ਵੀ ਸ਼ਮੂਲੀਅਤ ਕੀਤੀ।
ਬੁਲਾਰਿਆਂ ਨੇ ਦੋਸ਼ ਲਾਇਆ ਕਿ ਜ਼ਾਲਮ ਔਰੰਗਜ਼ੇਬ ਹਕੂਮਤ ਦੇ ਜਜ਼ੀਆ ਟੈਕਸ ਵਾਂਗ ਹੀ ਮੌਜੂਦਾ ਲੋਕਦੋਖੀ ਹਾਕਮਾਂ ਵੱਲੋਂ ਟੌਲ ਟੈਕਸ ਵੀ ਦੇਸ਼ ਦੇ ਲੋਕਾਂ ਉੱਤੇ ਸਰਾਸਰ ਨਜਾਇਜ਼ ਮੜ੍ਹਿਆ ਗਿਆ ਹੈ, ਕਿਉਂਕਿ ਹਰ ਵਹੀਕਲ ਦੀ ਰਜਿਸਟ੍ਰੇਸ਼ਨ ਮੌਕੇ ਭਾਰੀ ਰੋਡ ਟੈਕਸ ਪਹਿਲਾਂ ਹੀ ਵਸੂਲ ਲਿਆ ਜਾਂਦਾ ਹੈ। ਉਨ੍ਹਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਟੌਲ ਪਲਾਜੇ ਬੰਦ ਕੀਤੇ ਜਾਣ। ਬੁਲਾਰਿਆਂ ਵੱਲੋਂ ਸ਼ਰਾਬ ਫੈਕਟਰੀ ਜ਼ੀਰਾ ਦੇ ਜਾਨਲੇਵਾ ਪ੍ਰਦੂਸ਼ਣ ਵਿਰੁੱਧ ਅਤੇ ਲਤੀਫਪੁਰਾ ਬਸਤੀ ਦੇ ਦਰਿੰਦਗੀ ਭਰੇ ਨਜਾਇਜ਼ ਉਜਾੜੇ ਵਿਰੁੱਧ ਜਾਨਹੂਲਵੇਂ ਜਨਤਕ ਘੋਲਾਂ ਦੀ ਡਟਵੀਂ ਹਮਾਇਤ ਵੀ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।