ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਰਾਕੇਸ਼ ਟਿਕੈਤ ਅਤੇ ਹੋਰ ਕਿਸਾਨ ਆਗੂਆਂ ‘ਤੇ ਕੀਤੇ ਗਏ ਹਮਲੇ ਦੀ ਜ਼ੋਰਦਾਰ ਨਿਖੇਧੀ
ਅਪਰਾਧੀਆਂ ਨੂੰ ਸਖ਼ਤ ਸਜ਼ਾਵਾਂ, ਸੁਰੱਖਿਆ ਅਧਿਕਾਰੀਆਂ ਦੀ ਮੁਅੱਤਲੀ ਅਤੇ ਘਟਨਾ ਦੀ ਨਿਆਂਇਕ ਜਾਂਚ ਦੀ ਮੰਗ
ਚੰਡੀਗੜ੍ਹ, 31 ਮਈ(ਵਿਸ਼ਵ ਵਾਰਤਾ)-ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਬੇਂਗਲੂਰੂ ਵਿੱਚ ਕਿਸਾਨ ਆਗੂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਬੁਲਾਰੇ ਰਾਕੇਸ਼ ਟਿਕੈਤ ਉੱਤੇ ਕੀਤੇ ਗਏ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਇੱਥੋਂ ਜਾਰੀ ਕੀਤੇ ਗਏ ਸਾਂਝੇ ਪ੍ਰੈਸ ਬਿਆਨ ਵਿੱਚ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਕੌਮੀ ਪ੍ਰੈੱਸ ਅਨੁਸਾਰ ਬੀਤੇ ਦਿਨ ਬੇਂਗਲੁਰੂ ਦੇ ਗਾਂਧੀ ਭਵਨ ‘ਚ ਕਰਨਾਟਕ ਦੇ ਕਿਸਾਨ ਆਗੂਆਂ ਦੁਆਰਾ ਕੀਤੀ ਜਾ ਰਹੀ ਪ੍ਰੈੱਸ ਕਾਨਫਰੰਸ ਦੌਰਾਨ ਮੋਦੀ-ਮੋਦੀ ਚੀਕ ਰਹੇ ਗੁੰਡਾ ਅਨਸਰਾਂ ਨੇ ਕਾਨਫਰੰਸ ਹਾਲ ਵਿੱਚ ਜ਼ਬਰਦਸਤੀ ਘੁਸ ਕੇ ਸ੍ਰੀ ਟਿਕੈਤ ਦੇ ਚਿਹਰੇ ਉੱਤੇ ਕਾਲੀ ਸਿਆਹੀ ਸੁੱਟਣ ਤੋਂ ਇਲਾਵਾ ਇਸ ਕਰਤੂਤ ਨੂੰ ਰੋਕਣ ਵਾਲੇ ਕਿਸਾਨਾਂ ਸਮੇਤ ਕਿਸਾਨ ਆਗੂ ਯੁੱਧਵੀਰ ਉੱਤੇ ਕੁਰਸੀਆਂ ਵੀ ਸੁੱਟੀਆਂ ਤੇ ਹੱਥੋਪਾਈ ਵੀ ਕੀਤੀ। ਇਸ ਕਾਨਫਰੰਸ ਵਿੱਚ ਹਾਜ਼ਰ ਕਿਸਾਨ ਆਗੂ ਪਿਛਲੇ ਦਿਨੀਂ ਇੱਕ ਸਰਕਾਰ-ਪੱਖੀ ਟੀਵੀ ਚੈਨਲ ਵੱਲੋਂ ਕਿਸਾਨ ਅੰਦੋਲਨ ਵਿਰੁੱਧ ਕੀਤੇ ਜਾ ਰਹੇ ਬੇਬੁਨਿਆਦ ਪ੍ਰਚਾਰ ਦਾ ਖੰਡਨ ਕਰ ਰਹੇ ਸਨ। ਕਿਸਾਨ ਆਗੂਆਂ ਨੇ ਕਿਹਾ ਕਿ ਹਮਲੇ ਦੇ ਮੁੱਖ ਦੋਸ਼ੀ ਭਰਤ ਸ਼ੈੱਟੀ ਦੀ ਪਛਾਣ ਹੋ ਚੁੱਕੀ ਹੈ ਅਤੇ ਉਹ ਪੁਲਿਸ ਦੀ ਹਿਰਾਸਤ ਵਿੱਚ ਹੈ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ, ਭਾਜਪਾ ਦੇ ਸੂਬਾ ਮੀਤ ਪ੍ਰਧਾਨ, ਮੌਜੂਦਾ ਗ੍ਰਹਿ ਮੰਤਰੀ ਅਤੇ ਸਿੰਚਾਈ ਮੰਤਰੀ ਦੇ ਨਾਲ ਇਸ ਮੁਲਜ਼ਮ ਦੀ ਵਾਇਰਲ ਹੋਈ ਫੋਟੋ ਨੇ ਹੁਣ ਸਪੱਸ਼ਟ ਕਰ ਦਿੱਤਾ ਹੈ ਕਿ ਹਮਲਾ ਭਾਜਪਾ ਵੱਲੋਂ ਸਪਾਂਸਰ ਕੀਤਾ ਗਿਆ ਸੀ। ਇਹ ਵੀ ਸਪੱਸ਼ਟ ਹੈ ਕਿ ਟੀਵੀ ਚੈਨਲ ਵੱਲੋਂ ਕਿਸਾਨ ਅੰਦੋਲਨ ਵਿਰੁੱਧ ਭੰਡੀ ਪ੍ਰਚਾਰ ਕਾਰਨ ਬਣੇ ਤਣਾਅਪੂਰਨ ਮਾਹੌਲ ਦੇ ਬਾਵਜੂਦ ਸੂਬੇ ਦੀ ਭਾਜਪਾ ਸਰਕਾਰ ਨੇ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਕੀਤੇ ਸਨ। ਅਜਿਹੇ ਸੁਰੱਖਿਆ ਹੀਣ ਪ੍ਰਬੰਧਾਂ ਦਰਮਿਆਨ ਜਾਨਲੇਵਾ ਹਮਲੇ ਵੀ ਕੀਤੇ ਜਾ ਸਕਦੇ ਹਨ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਹਮਲਾਵਰਾਂ ਨੂੰ ਭਾਜਪਾ ਅਤੇ ਕਰਨਾਟਕ ਸਰਕਾਰ ਦਾ ਪੂਰਾ ਸਮਰਥਨ ਸੀ।
ਕਿਸਾਨ ਆਗੂਆਂ ਨੇ ਕਿਹਾ ਕਿ ਇਸ ਨੂੰ ਆਮ ਘਟਨਾ ਕਹਿ ਕੇ ਨਜ਼ਰਅੰਦਾਜ਼ ਕਰਨਾ ਮੁਨਾਸਿਬ ਨਹੀਂ ਹੋਵੇਗਾ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ; ਇਸ ਸੋਚੀ ਸਮਝੀ ਕੁਤਾਹੀ ਲਈ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ ਅਤੇ ਇਸ ਘਟਨਾ ਦੀ ਨਿਆਂਇਕ ਜਾਂਚ ਕਰਵਾ ਕੇ ਇਸ ਪਿੱਛੇ ਛੁਪੀ ਸਿਆਸੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾਵੇ।
ਕਿਸਾਨ ਆਗੂਆਂ ਨੇ ਦੋਸ਼ ਲਾਇਆ ਹੈ ਕਿ ਇਸ ਘਟਨਾ ਨੇ ਇੱਕ ਵਾਰ ਫਿਰ ਭਾਜਪਾ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ। ਉਨ੍ਹਾਂ ਇਹ ਦਾਅਵਾ ਵੀ ਕੀਤਾ ਹੈ ਕਿ ਆਪਣੀਆਂ ਜਾਇਜ਼ ਤੇ ਹੱਕੀ ਮੰਗਾਂ ਲਈ ਸ਼ਾਂਤਮਈ ਅਤੇ ਜਮਹੂਰੀ ਢੰਗਾਂ ਰਾਹੀਂ ਸੰਘਰਸ਼ਸ਼ੀਲ ਕਿਸਾਨਾਂ ਨਾਲ ਵਾਰ-ਵਾਰ ਧੋਖਾ ਕਰਨ ਅਤੇ ਉਨ੍ਹਾਂ ‘ਤੇ ਸਾਜ਼ਿਸ਼ੀ ਹਮਲੇ ਕਰਵਾਉਣ ਵਾਲੀ ਇਸ ਸਰਕਾਰ ਨੂੰ ਸਬਕ ਸਿਖਾਉਣਾ ਕਿਸਾਨ ਬਾਖੂਬੀ ਜਾਣਦੇ ਹਨ। ਆਪਣੇ ਬਿਆਨ ਦੇ ਅਖੀਰ ਵਿੱਚ ਕਿਸਾਨ ਆਗੂਆਂ ਨੇ ਇੰਕਸ਼ਾਫ ਕੀਤਾ ਹੈ ਕਿ ਸਾਰੀਆਂ ਫ਼ਸਲਾਂ ਦੀ ਐਮ ਐੱਸ ਪੀ ‘ਤੇ ਖਰੀਦ ਦੀ ਕਾਨੂੰਨੀ ਗਰੰਟੀ ਸਮੇਤ ਦਿੱਲੀ ਮੋਰਚੇ ਦੀਆਂ ਲਟਕ ਰਹੀਆਂ ਪੰਜਾਂ ਹੀ ਮੰਗਾਂ ਉੱਤੇ ਮੁਲਕ ਭਰ ਅੰਦਰ ਜ਼ੋਰਦਾਰ ਕਿਸਾਨ ਘੋਲ਼ ਭਖਾ ਕੇ ਕਿਸਾਨ ਵਿਰੋਧੀ ਭਾਜਪਾ ਸਰਕਾਰ ਦੀਆਂ ਇਨ੍ਹਾਂ ਸਾਜ਼ਿਸ਼ਾਂ ਦਾ ਠੋਕਵਾਂ ਜਵਾਬ ਦਿੱਤਾ ਜਾਵੇਗਾ।