ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਪੇਂਡੂ ਖਰੀਦ ਕੇਂਦਰਾਂ ‘ਚ ਸਰਕਾਰੀ ਖਰੀਦ ਬੰਦ ਕਰਨ ਦੇ ਹੁਕਮ ਤੁਰੰਤ ਰੱਦ ਕਰਨ ਦੀ ਸਰਕਾਰ ਕੋਲੋਂ ਮੰਗ
ਚੰਡੀਗੜ੍ਹ 9 ਨਵੰਬਰ (ਵਿਸ਼ਵ ਵਾਰਤਾ )- ਪੰਜਾਬ ਮੰਡੀ ਬੋਰਡ ਵੱਲੋਂ ਪੇਂਡੂ ਖਰੀਦ ਕੇਂਦਰਾਂ ਵਿੱਚੋਂ 10 ਨਵੰਬਰ ਤੋਂ ਬਾਅਦ ਝੋਨੇ ਦੀ ਖਰੀਦ ਬੰਦ ਕਰਨ ਦੇ ਜਾਰੀ ਕੀਤੇ ਗਏ ਫੁਰਮਾਨ ਦਾ ਸਖ਼ਤ ਨੋਟਿਸ ਲੈਂਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਕਿਸਾਨ ਵਿਰੋਧੀ ਫੁਰਮਾਨ ਤੁਰੰਤ ਵਾਪਸ ਨਾ ਲਿਆ ਗਿਆ ਤਾਂ ਜਥੇਬੰਦੀ ਨੂੰ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ। ਇਸ ਸੰਬੰਧੀ ਸਾਂਝਾ ਬਿਆਨ ਜਾਰੀ ਕਰਦਿਆਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਪੇਂਡੂ ਖਰੀਦ ਕੇਂਦਰ ਅਜੇ ਵੀ ਝੋਨੇ ਨਾਲ਼ ਭਰੇ ਪਏ ਹਨ। ਕਿਸਾਨ ਤਾਂ ਮੰਗ ਕਰ ਰਹੇ ਸਨ ਕਿ ਖਰੀਦਿਆ ਗਿਆ ਝੋਨਾ ਤੁਰੰਤ ਚੱਕ ਕੇ ਮੰਡੀਆਂ ਵਿੱਚ ਹੋਰ ਝੋਨਾ ਲਾਹੁਣ ਲਈ ਜਗਾਹ ਖਾਲੀ ਕੀਤੀ ਜਾਵੇ, ਕਿਉਂਕਿ ਇਸ ਸਮੱਸਿਆ ਕਾਰਨ ਕਿਸਾਨਾਂ ਨੂੰ ਝੋਨੇ ਦੀਆਂ ਭਰੀਆਂ ਟਰਾਲੀਆਂ ਆਪਣੇ ਘਰਾਂ ਵਿੱਚ ਹੀ ਖੜ੍ਹਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮੰਡੀਆਂ ਵਿੱਚ ਪਹੁੰਚੇ ਝੋਨੇ ਦੀ ਖਰੀਦ ਦਾ ਕੰਮ ਵੀ ਢਿੱਲਾ ਮੱਠਾ ਚੱਲ ਰਿਹਾ ਹੈ ਜਿਸ ਨੂੰ ਤੇਜ਼ ਕਰਨ ਦੀ ਮੰਗ ਮੰਨਣ ਦੀ ਬਜਾਏ ਸਰਕਾਰ ਨੇ ਖਰੀਦ ਹੀ ਬੰਦ ਕਰਨ ਦਾ ਪੁੱਠਾ ਰਾਹ ਫੜ ਲਿਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ ਸਪਲਾਈ ਲੇਟ ਦੇਣ ਕਾਰਨ ਪਛੇਤਾ ਬੀਜਣਾ ਪਿਆ ਕਾਫ਼ੀ ਸਾਰਾ ਝੋਨਾ ਅਜੇ ਮੰਡੀਆਂ ਵਿੱਚ ਆਉਣਾ ਬਾਕੀ ਹੈ। ਜਿਸਦੀ ਸਰਕਾਰੀ ਖਰੀਦ ਬੰਦ ਕਰਨ ਨਾਲ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਕਾਰਪੋਰੇਟ ਘਰਾਣੇ ਅੰਨ੍ਹੀ ਲੁੱਟ ਦਾ ਸ਼ਿਕਾਰ ਬਣਾਉਣਗੇ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਅੰਨਦਾਤੇ ਨਾਲ ਅਜਿਹੀ ਧੱਕੇਸ਼ਾਹੀ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਕਿ ਦਿੱਲੀ ਮੋਰਚੇ ਸਮੇਤ ਕੇਂਦਰ ਸਰਕਾਰ ਵਿਰੋਧੀ ਸਾਰੇ ਮੋਰਚਿਆਂ ਵਿੱਚ ਲਾਮਬੰਦੀਆਂ ਵਧਾਉਂਦੇ ਹੋਏ ਇਹ ਕਿਸਾਨ ਵਿਰੋਧੀ ਫੈਸਲਾ ਰੱਦ ਕਰਾਉਣ ਖਾਤਰ ਸੰਘਰਸ਼ ਲਈ ਵੀ ਤਿਆਰੀਆਂ ਖਿੱਚੀਆਂ ਜਾਣ।