ਭਾਰਤੀ ਕਿਸਾਨ ਯੂਨਿਅਨ (ਏਕਤਾ ਉਗਰਾਹਾਂ) ਨੇ ਕੀਤੀ ਮੋਗਾ ਵਿਖੇ ਕਿਸਾਨਾਂ ਤੇ ਹੋਏ ਲਾਠੀਚਾਰਜ ਦੀ ਸਖ਼ਤ ਨਿਖੇਧੀ
ਕਿਸਾਨਾਂ ਖਿਲਾਫ ਦਰਜ ਪਰਚਿਆਂ ਨੂੰ ਰੱਦ ਕਰਨ ਦੀ ਵੀ ਸਰਕਾਰ ਤੋਂ ਕੀਤੀ ਮੰਗ
ਚੰਡੀਗੜ੍ਹ3 ਸਤੰਬਰ (ਵਿਸ਼ਵ ਵਾਰਤਾ) ਬੀਤੇ ਦਿਨ ਮੋਗਾ ਵਿਖੇ ਸੁਖਬੀਰ ਬਾਦਲ ਦੀ ਸਿਆਸੀ ਰੈਲੀ ਮੌਕੇ ਸਵਾਲ ਪੁੱਛਣ ਜਾ ਰਹੇ ਕਿਸਾਨਾਂ’ਤੇ ਪੁਲਿਸ ਵੱਲੋਂ ਲਾਠੀਚਾਰਜ ਕਰਨ, ਪੱਗਾਂ ਲਾਹੁਣ ਅਤੇ ਝੂਠੇ ਕੇਸ ਮੜ੍ਹਨ ਤੋਂ ਇਲਾਵਾ ਇਸ ਧੱਕੇਸ਼ਾਹੀ ਦੀ ਕਵਰੇਜ ਕਰ ਰਹੇ ਪ੍ਰੈੱਸ ਰਿਪੋਰਟਰਾਂ ਨੂੰ ਵੀ ਧੱਕਾ ਮੁੱਕੀ ਕਰਨ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਅੱਜ ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈੱਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਮੰਗ ਕੀਤੀ ਗਈ ਹੈ ਕਿ ਕਿਸਾਨਾਂ ਸਿਰ ਮੜ੍ਹੇ ਝੂਠੇ ਕੇਸ ਤੁਰੰਤ ਰੱਦ ਕੀਤੇ ਜਾਣ ਅਤੇ ਨਿਹੱਥੇ ਸ਼ਾਂਤਮਈ ਕਿਸਾਨਾਂ ਨੂੰ ਕੁੱਟਣ ਅਤੇ ਬੇਇੱਜ਼ਤ ਕਰਨ ਦੇ ਦੋਸ਼ੀ ਪੁਲਿਸ ਤੇ ਸਿਵਲ ਅਧਿਕਾਰੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਹੈ ਕਿ ਕੈਪਟਨ ਸਰਕਾਰ ਵੀ ਖੱਟੜ ਸਰਕਾਰ ਵਾਂਗ ਹੀ ਤਾਨਾਸ਼ਾਹ ਰਸਤੇ ਉੱਤੇ ਚੱਲਣ ਲੱਗ ਪਈ ਹੈ ਅਤੇ ਕਿਸਾਨਾਂ ਨੂੰ ਇਸ ਤਰ੍ਹਾਂ ਉਲਝਾ ਕੇ ਕਾਲ਼ੇ ਖੇਤੀ ਕਾਨੂੰਨਾਂ ਖਿਲਾਫ਼ ਸਿਖਰਾਂ ਵੱਲ ਵਧ ਰਹੇ ਕਿਸਾਨ ਘੋਲ਼ ਨੂੰ ਢਾਹ ਲਾਉਣ ‘ਤੇ ਤੁਲੀ ਹੋਈ ਹੈ। ਇਸਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਝੋਨਾ ਉਤਪਾਦਕ ਕਿਸਾਨਾਂ ਨੂੰ ਆਪਣੇ ਝੋਨੇ ਵਾਲੇ ਖੇਤਾਂ ਦੀਆਂ ਫ਼ਰਦ ਜਮਾਂਬੰਦੀਆਂ ਜਮ੍ਹਾਂ ਕਰਵਾਉਣ ਦਾ ਹੁਕਮ ਆੜ੍ਹਤੀਆਂ ਰਾਹੀਂ ਜਾਰੀ ਕਰਕੇ ਠੇਕੇ ‘ਤੇ ਜ਼ਮੀਨਾਂ ਲੈਕੇ ਖੇਤੀ ਕਰਨ ਲਈ ਮਜਬੂਰ ਕਿਸਾਨਾਂ ਦਾ ਝੋਨਾ ਖ਼ਰੀਦਣ ਤੋਂ ਭੱਜਣ ਦੀ ਤਿਆਰੀ ਕੱਸੀ ਜਾ ਰਹੀ ਹੈ। ਇਹ ਫਰਦਾਂ ਦੇਣ ਤੋਂ ਆਰੀ ਅਜਿਹੇ ਲੱਖਾਂ ਕਿਸਾਨਾਂ ਉੱਤੇ ਟੇਢੇ ਢੰਗ ਨਾਲ ਮੋਦੀ ਦਾ ਖੁੱਲ੍ਹੀ ਮੰਡੀ ਵਾਲ਼ਾ ਕਾਨੂੰਨ ਮੜ੍ਹਨ ਦੀ ਤਿਆਰੀ ਹੈ, ਜਿਸ ਨਾਲ ਇਨ੍ਹਾਂ ਦੇ ਝੋਨੇ ਦੀ ਅੰਨ੍ਹੀ ਲੁੱਟ ਵੀ ਮੱਕੀ ਜਾਂ ਸਰਕਾਰੀ ਖਰੀਦ ਤੋਂ ਵਾਂਝੀਆਂ ਹੋਰ ਫ਼ਸਲਾਂ ਵਾਂਗ ਹੀ ਹੋਵੇਗੀ। ਇਸ ਲਈ ਜਥੇਬੰਦੀ ਦੀ ਜ਼ੋਰਦਾਰ ਮੰਗ ਹੈ ਕਿ ਪੰਜਾਬ ਮੰਡੀਕਰਨ ਬੋਰਡ ਦਾ ਇਹ ਹੁਕਮ ਤੁਰੰਤ ਵਾਪਸ ਲਿਆ ਜਾਵੇ। ਸਮੂਹ ਕਿਸਾਨਾਂ ਨੂੰ ਜਥੇਬੰਦੀ ਵੱਲੋਂ ਅਪੀਲ ਕੀਤੀ ਗਈ ਹੈ ਕਿ ਇਸ ਹੁਕਮ ਤਹਿਤ ਫਰਦਾਂ ਜਮ੍ਹਾਂ ਨਾ ਕਰਵਾਈਆਂ ਜਾਣ ਤਾਂ ਕਿ ਲੱਖਾਂ ਕਿਸਾਨਾਂ ਦੇ ਝੋਨੇ ਦੀ ਕੀਤੀ ਜਾਣ ਵਾਲੀ ਅੰਨ੍ਹੀ ਲੁੱਟ ਰੋਕੀ ਜਾ ਸਕੇ। ਕਿਸਾਨਾਂ ਮਜ਼ਦੂਰਾਂ ਇਹ ਨੂੰ ਸੱਦਾ ਵੀ ਦਿੱਤਾ ਗਿਆ ਹੈ ਕਿ 5 ਸਤੰਬਰ ਦੀ ਮੁਜ਼ੱਫਰਨਗਰ ਮਹਾਂਂਰੈਲੀ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਇਆ ਜਾਵੇ ਅਤੇ ਦਿੱਲੀ ਮੋਰਚਿਆਂ ਸਮੇਤ ਸਾਰੇ ਪੱਕੇ ਮੋਰਚਿਆਂ ਵਿੱਚ ਸ਼ਾਮਲ ਲਾਮਬੰਦੀਆਂ ਨੂੰ ਜ਼ਰ੍ਹਬਾਂ ਦਿੱਤੀਆਂ ਜਾਣ।