ਜਾਖੜ ਨੇ ਇਕ ਵਾਰ ਫਿਰ ਦਿਖਾਇਆ ਆਪਣਾ ਕਿਸਾਨ ਵਿਰੋਧੀ ਚਿਹਰਾ, ਜਾਖੜ ਵਰਗੇ ਆਗੂ ਕੋਲ ਝੂਠ ਦੇ ਪੁਲੰਦੇ ਤੋਂ ਸਿਵਾਏ ਪੰਜਾਬੀਆਂ ਨੂੰ ਦੇਣ ਲਈ ਕੁਝ ਨਹੀਂ: ਹਰਭਜਨ ਸਿੰਘ ਈਟੀਓ
ਕਾਂਗਰਸੀ ਹੁੰਦਿਆਂ ਜਾਖੜ ਕਿਸਾਨਾਂ ਦੇ ਮੁੱਦਿਆਂ ‘ਤੇ ਮੋਦੀ ਸਰਕਾਰ ਨੂੰ ਘੇਰਦੇ ਸੀ, ਹੁਣ ਉਹ ਕਹਿ ਰਹੇ ਹਨ ਕਿ ‘ਮੋਦੀ ਦੇ 10 ਸਾਲਾਂ ‘ਚ ਕਿਸਾਨਾਂ ਨੂੰ ਫਾਇਦਾ ਹੋਇਆ’, ਲੋਕਾਂ ਨੂੰ ਉਨ੍ਹਾਂ’ ਤੇ ਥੋੜ੍ਹਾ ਵੀ ਭਰੋਸਾ ਨਹੀਂ: ‘ਆਪ’ ਆਗੂ
ਪੰਜਾਬ ਜਲ ਸੰਕਟ ਨਾਲ ਜੂਝ ਰਿਹਾ ਹੈ, ਮੁੱਖ ਮੰਤਰੀ ਮਾਨ ਸਾਡੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ ਅਤੇ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਣਾਉਣ ਲਈ ਪ੍ਰੇਰਿਤ ਕਰ ਰਹੇ ਹਨ ਅਤੇ ਜਾਖੜ ਪੁੱਛ ਰਹੇ ਹਨ ਕਿ ਸਾਨੂੰ ਕਣਕ ਅਤੇ ਝੋਨੇ ਤੋਂ ਇਲਾਵਾ ਹੋਰ ਫ਼ਸਲਾਂ ‘ਤੇ ਐਮਐਸਪੀ ਦੀ ਲੋੜ ਕਿਉਂ ਹੈ, ਇਹ ਉਨ੍ਹਾਂ ਦੀ ਅਗਿਆਨਤਾ ਦੇ ਪੱਧਰ ਬਾਰੇ ਬਹੁਤ ਕੁਝ ਦਰਸਾਉਂਦਾ ਹੈ- ਈ.ਟੀ.ਓ
ਚੰਡੀਗੜ੍ਹ, 15 ਮਈ( ਵਿਸ਼ਵ ਵਾਰਤਾ )-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੁਨੀਲ ਜਾਖੜ ਦੇ ਪੰਜਾਬ ਦੇ ਕਿਸਾਨਾਂ ਖ਼ਿਲਾਫ਼ ਦਿੱਤੇ ਬਿਆਨ ‘ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਕਿਸਾਨਾਂ ਬਾਰੇ ਗੱਲ ਕਰਨ ਦਾ ਵੀ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਕੋਈ ਵੀ ਉਨ੍ਹਾਂ ਦੇ ਧੋਖੇ ਅਤੇ ਭਾਜਪਾ ਸਰਕਾਰ ਵੱਲੋਂ ਆਪਣੇ 10 ਸਾਲਾਂ ਦੇ ਰਾਜ ਵਿੱਚ ਕਿਸਾਨਾਂ ‘ਤੇ ਕੀਤੇ ਅੱਤਿਆਚਾਰ ਨੂੰ ਭੁੱਲਿਆ ਨਹੀਂ ਹੈ।
‘ਆਪ’ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਸੁਨੀਲ ਜਾਖੜ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸਾਡੇ ਕਿਸਾਨਾਂ ਵਿਰੁੱਧ ਭਾਜਪਾ ਦੀਆਂ ਗਲਤ ਨੀਤੀਆਂ ਦੀ ਸੂਚੀ ਬਹੁਤ ਲੰਬੀ ਪਰ ਅੱਜ ਜਾਖੜ ਨੇ ਇੱਕ ਵਾਰ ਫਿਰ ਆਪਣਾ ਕਿਸਾਨ ਵਿਰੋਧੀ ਅਤੇ ਪੰਜਾਬ ਵਿਰੋਧੀ ਚਿਹਰਾ ਵਿਖਾ ਦਿੱਤਾ ਹੈ। ‘ਆਪ’ ਆਗੂ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਸੱਤਾ ‘ਚ ਆਉਣ ਤੋਂ ਪਹਿਲਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ ਪਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਆਪਣੇ ਸਰਮਾਏਦਾਰ ਦੋਸਤਾਂ ਨੂੰ ਹੋਰ ਲਾਭ ਦੇਣ ਲਈ ਕਿਸਾਨ ਵਿਰੋਧੀ ਕਾਲੇ ਬਿੱਲ ਲੈ ਆਏ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਪੂੰਜੀਪਤੀ ਦੋਸਤਾਂ ਦੇ ਹਜ਼ਾਰਾਂ ਕਰੋੜ ਰੁਪਏ ਦੇ ਕਰਜ਼ੇ ਨੂੰ ਵਾਰ-ਵਾਰ ਮਾਫ਼ ਕੀਤਾ ਪਰੰਤੂ ਸਾਡੇ ਕਿਸਾਨ ਕੁਝ ਹਜ਼ਾਰਾਂ ਦਾ ਕਰਜ਼ਾ ਨਾ ਮੋੜਨ ‘ਤੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ।
ਈਟੀਓ ਨੇ ਕਿਹਾ ਕਿ ਸਾਡੇ ਕਿਸਾਨਾਂ ਨੇ ਦੋ ਵਾਰ ਦਿੱਲੀ ਦਾ ਦਰਵਾਜ਼ਾ ਖੜਕਾਇਆ ਅਤੇ ਦੋਵੇਂ ਵਾਰ ਉਨ੍ਹਾਂ ਨਾਲ ਇੰਨਾ ਗਲਤ ਸਲੂਕ ਕੀਤਾ ਗਿਆ ਕਿ ਦਿੱਲੀ ਦੀਆਂ ਸਰਹੱਦਾਂ ‘ਤੇ ਸੈਂਕੜੇ ਕਿਸਾਨਾਂ ਦੀ ਮੌਤ ਹੋ ਗਈ। ਪਹਿਲੇ ਕਿਸਾਨ ਅੰਦੋਲਨ ਦੌਰਾਨ 750 ਤੋਂ ਵੱਧ ਕਿਸਾਨਾਂ ਨੇ ਆਪਣੀਆਂ ਜਾਨਾਂ ਦਿੱਤੀਆਂ, ਫਿਰ ਮੋਦੀ ਨੇ ਖੇਤੀ ਕਾਨੂੰਨਾਂ ਦੇ ਮਾਮਲੇ ਵਿੱਚ ਆਪਣੀ ਗਲਤੀ ਦਾ ਅਹਿਸਾਸ ਕੀਤਾ ਅਤੇ ਉਨ੍ਹਾਂ ਨੂੰ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕੁਝ ਮਹੀਨਿਆਂ ਪਹਿਲਾਂ ਹਰਿਆਣਾ ਅਤੇ ਕੇਂਦਰ ਦੀਆਂ ਭਾਜਪਾ ਸਰਕਾਰਾਂ ਵੱਲੋਂ ਸਾਡੇ ਕਿਸਾਨਾਂ ‘ਤੇ ਹੋਏ ਹਮਲੇ ਦੇ ਅਸੀਂ ਗਵਾਹ ਹਾਂ। ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ 20 ਸਾਲਾਂ ਦੇ ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ। ਈਟੀਓ ਨੇ ਸੁਨੀਲ ਜਾਖੜ ਨੂੰ ਸਵਾਲ ਕੀਤਾ ਕਿ ਕੀ ਉਨ੍ਹਾਂ ਕੋਲ ਭਾਜਪਾ ਦੇ ਇਨ੍ਹਾਂ ਸਾਰੇ ਧੋਖੇ ਦੇ ਜਵਾਬ ਹਨ? ਮੋਦੀ ਸਰਕਾਰ ਨੇ ਸਾਡੇ ਕਿਸਾਨਾਂ ‘ਤੇ ਕੀਤੇ ਸਾਰੇ ਅੱਤਿਆਚਾਰਾਂ ਲਈ ਉਹ ਕਿਵੇਂ ਅਤੇ ਕਦੋਂ ਮੁਆਫ਼ੀ ਮੰਗਣਗੇ?
‘ਆਪ’ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਬਿਲਕੁਲ ਸਹੀ ਕਹਿੰਦੇ ਹਨ ਕਿ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਸੀ ਅਤੇ ਉਨ੍ਹਾਂ ਨੇ ਸਾਡੇ ਕਿਸਾਨਾਂ ਨੂੰ ਦਿੱਲੀ ਵਿੱਚ ਵੜਨ ਨਹੀਂ ਦਿੱਤਾ, ਹੁਣ ਭਾਰਤ ਦੇ ਪਿੰਡਾਂ ਵਿੱਚ ਕਿਸਾਨ ਰਾਜ ਕਰਦੇ ਹਨ ਅਤੇ ਉਹ ਭਾਜਪਾ ਆਗੂਆਂ ਨੂੰ ਆਪਣੇ ਪਿੰਡਾਂ ਦੇ ਅੰਦਰ ਨਹੀਂ ਵੜਨ ਦੇ ਰਹੇ। ਹਮੇਸ਼ਾ ਦੀ ਤਰ੍ਹਾਂ ਭਾਜਪਾ ਅਤੇ ਉਸ ਦੇ ਆਗੂ ਆਪਣੀ ਹਾਰ ਨੂੰ ਹਜ਼ਮ ਨਹੀਂ ਕਰ ਪਾ ਰਹੇ ਹਨ ਅਤੇ ਜਾਖੜ ਵਾਂਗ ਘਟੀਆ ਬਿਆਨ ਦੇ ਰਹੇ ਹਨ। ‘ਆਪ’ ਆਗੂ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਮੌਜੂਦਾ ਸਥਿਤੀ ਉਨ੍ਹਾਂ ਲਈ ਸਹੀ ਹੈ।
ਈਟੀਓ ਨੇ ਇਸ ਗੱਲ ‘ਤੇ ਵੀ ਹੈਰਾਨੀ ਪ੍ਰਗਟਾਈ ਕਿ ਇਹ ਵੰਸ਼ਵਾਦੀ ਸਿਆਸਤਦਾਨ ਕਿੰਨੇ ਅਣਜਾਣ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪਾਣੀ ਦੇ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਲਗਾਤਾਰ ਫ਼ੈਸਲੇ ਲੈ ਰਹੇ ਹਨ। ਉਹ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਅਤੇ ਫ਼ਸਲੀ ਵਿਭਿੰਨਤਾ ਅਪਣਾਉਣ ਲਈ ਪ੍ਰੇਰਿਤ ਕਰ ਰਹੇ ਹਨ ਤਾਂ ਜੋ ਅਸੀਂ ਆਪਣੇ ਕੀਮਤੀ ਸਰੋਤਾਂ ਨੂੰ ਬਚਾ ਸਕੀਏ। ਸਾਡੇ ਕਿਸਾਨ ਐਮਐਸਪੀ ਦੇ ਵਾਅਦੇ ਦੇ ਹੱਕ ਲਈ ਸਾਲਾਂ ਤੋਂ ਲੜ ਰਹੇ ਹਨ ਅਤੇ ਸੁਨੀਲ ਜਾਖੜ ਇਹ ਪੁੱਛਣ ਦੀ ਹਿੰਮਤ ਕਰ ਸਕਦੇ ਹਨ ਕਿ ਸਾਨੂੰ ਕਣਕ ਅਤੇ ਝੋਨੇ ਤੋਂ ਇਲਾਵਾ ਹੋਰ ਫ਼ਸਲਾਂ ‘ਤੇ ਐਮਐਸਪੀ ਦੀ ਜ਼ਰੂਰਤ ਕਿਉਂ ਹੈ?
ਈਟੀਓ ਨੇ ਅੱਗੇ ਕਿਹਾ ਕਿ ਸੁਨੀਲ ਜਾਖੜ ਉਦੋਂ ਗ਼ਾਇਬ ਹੋ ਜਾਂਦੇ ਹਨ ਜਦੋਂ ਪੰਜਾਬ, ਇਸ ਦੇ ਲੋਕ ਅਤੇ ਕਿਸਾਨਾਂ ਲਈ ਆਵਾਜ਼ ਉਠਾਉਣ ਦਾ ਸਮਾਂ ਹੁੰਦਾ ਹੈ। ਉਹ ਕਦੇ ਵੀ ਪੰਜਾਬ ਅਤੇ ਕਿਸਾਨਾਂ ਦੇ ਮੁੱਦਿਆਂ ‘ਤੇ ਨਹੀਂ ਬੋਲਦੇ। ਇਸ ਦੇ ਉਲਟ ਉਨ੍ਹਾਂ ਨੇ ਖੇਤੀ ਦੇ ਮਾਮਲਿਆਂ ਵਿੱਚ ਭਾਜਪਾ ਸਰਕਾਰ ਅਤੇ ਨਰਿੰਦਰ ਮੋਦੀ ਦਾ ਬਚਾਅ ਕਰਨ ਲਈ ਪ੍ਰੈੱਸ ਕਾਨਫ਼ਰੰਸ ਕੀਤੀ। ‘ਆਪ’ ਮੰਤਰੀ ਨੇ ਵਿਅੰਗ ਕਰਦਿਆਂ ਕਿਹਾ ਕਿ ਜਾਖੜ ਕਾਂਗਰਸੀ ਹੋਣ ਦੇ ਨਾਤੇ ਕਿਸਾਨਾਂ ਦੇ ਵੱਖ-ਵੱਖ ਮੁੱਦਿਆਂ ‘ਤੇ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਸਨ ਅਤੇ ਉਨ੍ਹਾਂ ਨੂੰ ਘੇਰਦੇ ਸਨ ਪਰ ਹੁਣ ਉਹ ਭਾਜਪਾ ਦੀ ਭਾਸ਼ਾ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਜਾਖੜ ਕਹਿ ਰਹੇ ਹਨ ਕਿ ”ਮੋਦੀ ਦੇ 10 ਸਾਲਾਂ ਦੇ ਸ਼ਾਸਨ ਨੇ ਕਿਸਾਨਾਂ ਨੂੰ ਫਾਇਦਾ ਪਹੁੰਚਾਇਆ”। ਇਸ ਲਈ ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਉਹ ਉਦੋਂ ਝੂਠ ਬੋਲ ਰਹੇ ਸਨ, ਜਦੋਂ ਉਹ ਕਾਂਗਰਸੀ ਸਨ ਜਾਂ ਹੁਣ ਮੋਦੀ ਭਗਤ ਬਣ ਕੇ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸੁਨੀਲ ਜਾਖੜ ਦੇ ਕਹਿਣ ‘ਤੇ ਥੋੜ੍ਹੀ ਵੀ ਦਿਲਚਸਪੀ ਜਾਂ ਭਰੋਸਾ ਨਹੀਂ ਹੈ।