ਭਾਕਿਯੂ (ਏਕਤਾ) ਡਕੌਂਦਾ ਵੱਲੋਂ ਮੁਹਾਲੀ ਵਿਖੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਵਿੱਚ ਜਥੇ ਹੋਏ ਰਵਾਨਾ
ਮਾਲਵਾ ਖੇਤਰ ਦੇ ਬਹੁਤੇ ਜ਼ਿਲ੍ਹਿਆਂ ’ਚੋਂ ਜਥਿਆਂ ਵਿੱਚ ਔਰਤਾਂ ਵੀ ਹੋਈਆਂ ਸ਼ਾਮਲ
ਮਾਨਸਾ, 15 ਫਰਵਰੀ(ਵਿਸ਼ਵ ਵਾਰਤਾ)-ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ਹੇਠ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਮੁਹਾਲੀ ਦੀ ਹਮਾਇਤ ’ਚ ਅੱਜ ਜਥੇਬੰਦੀ ਵੱਲੋਂ ਮਾਨਸਾ ਸਮੇਤ ਮਾਲਵਾ ਖੇਤਰ ਦੇ ਹੋਰਨਾਂ ਜ਼ਿਲ੍ਹਿਆਂ ’ਚੋਂ ਕਾਫ਼ਲੇ ਰਵਾਨਾ ਹੋਣ ਦਾ ਦਾਅਵਾ ਕੀਤਾ ਗਿਆ।ਜਥੇਬੰਦੀ ਅਨੁਸਾਰ ਇਹ ਕਾਫ਼ਲੇ ਮਾਨਸਾ,ਬਠਿੰਡਾ,ਸੰਗਰੂਰ,ਪਟਿਆਲਾ,ਬਰਨਾਲਾ,ਮੁਕਤਸਰ,ਫਰੀਦਕੋਟ, ਮੋਗਾ,ਫਤਿਹਗੜ੍ਹ ਸਾਹਿਬ,ਗੁਰਦਾਸਪੁਰ,ਤਰਨਤਾਰਨ,ਫਿਰੋਜ਼ਪੁਰ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ’ਚੋਂ ਸਵੇਰ ਵੇਲੇ ਰਵਾਨਾ ਹੋਏ।
ਜਥੇਬੰਦੀ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਗੁਰਨੇ ਨੇ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਦੱਸਿਆ ਕਿ ਇਨ੍ਹਾਂ ਕਾਫ਼ਲਿਆਂ ਵਿੱਚ ਨੌਜਵਾਨਾਂ ਤੋਂ ਇਲਾਵਾ ਪਿੰਡਾਂ ’ਚੋਂ ਮਾਈਆਂ ਵੀ ਵੱਡੇ ਰੂਪ ਵਿੱਚ ਗਈ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਬੰਦੀ ਸਿੰਘਾਂ ਸਮੇਤ ਅਨੇਕਾਂ ਬੁੱਧੀਜੀਵੀਆਂ ਨੂੰ ਝੂਠੇ ਪੁਲੀਸ ਕੇਸ ਪਾਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਸੀ, ਜੋ ਹੁਣ ਤੱਕ ਆਪਣੀ ਬਣਦੀ ਸਜ਼ਾ ਭੁਗਤ ਚੁੱਕੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ ਹੈ।