ਭਵਿੱਖ ਦੇ ਵਾਹਨ ਹਨ ਇਲੈਕਟ੍ਰਿਕ ਵਾਹਨ : ਬੰਡਾਰੂ ਦੱਤਾਤ੍ਰੇਅ
2030 ਤੱਕ ਸਾਰੇ ਸਰਕਾਰੀ ਵਾਹਨ ਇਲੈਕਟ੍ਰਿਕ ਵਾਹਨਾਂ ਵਿਚ ਹੋਣਗੇ ਤਬਦੀਲ, ਭਾਰਤ ਸਰਕਾਰ ਦੀ ਯੋਜਨਾ
ਚੰਡੀਗੜ੍ਹ, 5ਫਰਵਰੀ(ਵਿਸ਼ਵ ਵਾਰਤਾ)- ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਕਿਹਾ ਹੈ ਕਿ ਇਲੈਕਟ੍ਰਿਕ ਵਾਹਨ ਸਾਡੇ ਭਵਿੱਖ ਦੇ ਵਾਹਨ ਹਨ, ਸਾਨੂੰ ਉਨ੍ਹਾਂ ਨੂੰ ਤਰਜੀਹ ਦੇਣੀ ਹੋਵੇਗੀ।
ਰਾਜਪਾਲ ਐਤਵਾਰ ਨੂੰ ਚੰਡੀਗੜ੍ਹ ਵਿੱਚ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਆਯੋਜਿਤ ਗ੍ਰੀਨ ਮੋਬਿਲਿਟੀ ਇਲੈਕਟ੍ਰਿਕ ਵਹੀਕਲ ਐਕਸਪੋ ਦੇ ਸਮਾਪਤੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਹਰਿਆਣਾ, ਪੰਜਾਬ, ਚੰਡੀਗੜ੍ਹ ਦੇ ਈਵੀ ਨਿਰਮਾਤਾਵਾਂ, ਖਰੀਦਦਾਰਾਂ ਅਤੇ ਉਦਯੋਗਪਤੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਵਾਹਨ ਹਰ ਵਿਅਕਤੀ ਦੀ ਲੋੜ ਬਣ ਗਈ ਹੈ। ਇਸ ਕਾਰਨ ਦੇਸ਼ ਵਿੱਚ ਹਰ ਸਾਲ ਲਗਭਗ 1.8 ਕਰੋੜ ਨਵੇਂ ਵਾਹਨ ਸੜਕਾਂ ‘ਤੇ ਦੇਖੇ ਜਾਂਦੇ ਹਨ, ਜਦੋਂ ਕਿ ਪੂਰੀ ਦੁਨੀਆ ਵਿੱਚ ਸਾਢੇ ਛੇ ਕਰੋੜ ਤੋਂ ਵੱਧ ਨਵੇਂ ਵਾਹਨ ਵਿਕਦੇ ਹਨ।
ਇਨ੍ਹਾਂ ਵਿੱਚੋਂ ਨਿਕਲਣ ਵਾਲਾ ਧੂੰਆਂ ਅਤੇ ਹਾਨੀਕਾਰਕ ਗੈਸਾਂ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀਆਂ ਹਨ। ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਇਲੈਕਟ੍ਰਿਕ ਵਾਹਨ ਵਧੀਆ ਵਿਕਲਪ ਹਨ।
ਭਾਰਤ ਸਰਕਾਰ ਸਾਲ 2030 ਤੱਕ ਸਰਕਾਰੀ ਵਾਹਨਾਂ ਨੂੰ ਇਲੈਕਟ੍ਰਿਕ ਵਾਹਨਾਂ ਵਿੱਚ ਤਬਦੀਲ ਕਰਨ ਵੱਲ ਵਧ ਰਹੀ ਹੈ।
ਕੇਂਦਰ ਸਰਕਾਰ ਨੇ ਇਸ ਸਾਲ 2023-24 ਦੇ ਬਜਟ ‘ਚ ਇਲੈਕਟ੍ਰਿਕ ਵਾਹਨਾਂ ‘ਤੇ ਕਸਟਮ ਡਿਊਟੀ 21 ਫੀਸਦੀ ਤੋਂ ਘਟਾ ਕੇ 13 ਫੀਸਦੀ ਕਰ ਦਿੱਤੀ ਹੈ।
ਕੇਂਦਰ ਸਰਕਾਰ ਨੇ ਨਵੀਂ ਸਕ੍ਰੈਪਿੰਗ ਨੀਤੀ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ 15 ਸਾਲ ਤੋਂ ਪੁਰਾਣੇ ਵਾਹਨਾਂ ਨੂੰ ਸਕ੍ਰੈਪ ਕੀਤਾ ਜਾਵੇਗਾ ਅਤੇ ਵਾਹਨ ਮਾਲਕਾਂ ਨੂੰ ਉਤਸ਼ਾਹਿਤ ਕਰਨ ਦੀ ਵਿਵਸਥਾ ਹੈ। ਇਸ ਸਮੇਂ ਦੇਸ਼ ਵਿੱਚ ਇੱਕ ਕਰੋੜ ਤੋਂ ਵੱਧ ਵਾਹਨ ਸਕ੍ਰੈਪਿੰਗ ਦੇ ਯੋਗ ਹਨ।
ਹਰਿਆਣਾ ਸਰਕਾਰ ਵੀ ਇਸ ਦਿਸ਼ਾ ਵਿੱਚ ਢੁਕਵੇਂ ਕਦਮ ਚੁੱਕ ਰਹੀ ਹੈ। ਸਰਕਾਰ ਨੇ ਇਲੈਕਟ੍ਰਿਕ ਵਹੀਕਲ ਪਾਲਿਸੀ 2022 ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸਦੇ ਲਈ ਇੱਕ ਆਨਲਾਈਨ ਪੋਰਟਲ ਵੀ ਲਾਂਚ ਕੀਤਾ ਗਿਆ ਹੈ।
ਹਰਿਆਣਾ ਸਰਕਾਰ ਨੇ ਮਾਈਕ੍ਰੋ ਤੋਂ ਮੈਗਾ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ 15 ਲੱਖ ਰੁਪਏ ਤੋਂ ਲੈ ਕੇ 20 ਕਰੋੜ ਰੁਪਏ ਤੱਕ ਦੀ ਸਬਸਿਡੀ ਦੇਣ ਦਾ ਪ੍ਰਬੰਧ ਕੀਤਾ ਹੈ।
ਇਸ ਤੋਂ ਪਹਿਲਾਂ ਰਾਜਪਾਲ ਦਾ ਇੱਥੇ ਪੁੱਜਣ ‘ਤੇ ਸਵਾਗਤ ਕਰਦੇ ਹੋਏ ਪੀ.ਐਚ.ਡੀ.ਸੀ.ਸੀ.ਆਈ. ਹਰਿਆਣਾ ਚੈਪਟਰ ਦੇ ਚੇਅਰ ਪ੍ਰਣਵ ਗੁਪਤਾ ਨੇ ਕਿਹਾ ਕਿ ਚੈਂਬਰ ਵੱਲੋਂ ਹਰਿਆਣਾ ਦੇ ਹੋਰ ਸ਼ਹਿਰਾਂ ਵਿੱਚ ਵੀ ਅਜਿਹੇ ਆਯੋਜਨ ਕੀਤੇ ਜਾਣਗੇ।
ਭਾਰਤ ਸਰਕਾਰ ਵਿੱਚ ਭਾਰੀ ਉਦਯੋਗ ਮੰਤਰਾਲੇ ਦੇ ਸੰਯੁਕਤ ਸਕੱਤਰ, ਆਈ.ਪੀ.ਐਸ. ਹਨੀਫ ਕੁਰੈਸ਼ੀ ਨੇ ਕਿਹਾ ਕਿ ਇਲੈਕਟ੍ਰਿਕ ਵਾਹਨਾਂ ਨੂੰ ਪੂਰੀ ਦੁਨੀਆ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ।
ਹਰਿਆਣਾ ਟਰਾਂਸਪੋਰਟ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਪ੍ਰਦੀਪ ਅਹਲਾਵਤ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਨੇ ਪਬਲਿਕ ਟਰਾਂਸਪੋਰਟ ਸੈਕਟਰ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਹੈ। ਹਰਿਆਣਾ ਵਿੱਚ ਬਹੁਤ ਜਲਦੀ 550 ਇਲੈਕਟ੍ਰਿਕ ਬੱਸਾਂ ਖਰੀਦੀਆਂ ਜਾ ਰਹੀਆਂ ਹਨ।
ਹਰੇਡਾ ਦੇ ਚੇਅਰਮੈਨ ਸਵਤੰਤਰ ਕੁਮਾਰ ਸਿੰਘਲ ਨੇ ਕਿਹਾ ਕਿ ਤੇਲ ਦੀ ਆਦਤ ਛੱਡ ਕੇ ਬਦਲਵੇਂ ਸਾਧਨਾਂ ਨੂੰ ਅਪਣਾਉਣ ਲਈ ਤੇਜ਼ੀ ਨਾਲ ਅੱਗੇ ਵਧਣ ਦਾ ਸਮਾਂ ਆ ਗਿਆ ਹੈ।
ਕਰਨ ਗਿਲਹੋਤਰਾ, ਕੋ-ਚੇਅਰ, ਪੀਐਚਡੀਸੀਸੀਆਈ ਪੰਜਾਬ ਚੈਪਟਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਅਮਿਤ ਕਪੂਰ, ਹੈੱਡ ਸੇਲਜ਼ ਐਂਡ ਮਾਰਕੀਟਿੰਗ, ਟਾਟਾ ਈਵੀ ਬੱਸ, ਨਵੀਨ ਸੇਠ, ਚੈਂਬਰ ਦੇ ਕੋ-ਜਨਰਲ ਸਕੱਤਰ, ਮਧੂਸੂਦਨ ਵਿਜ, ਕੋ-ਚੇਅਰ, ਸੁਵਰਤ ਖੰਨਾ, ਕੋ-ਚੇਅਰ, ਚੰਡੀਗੜ੍ਹ ਚੈਪਟਰ ਅਤੇ ਹੋਰ ਬਹੁਤ ਸਾਰੇ ਲੋਕ ਹਾਜ਼ਰ ਸਨ।
ਈਵੀ ਐਕਸਪੋ ਵਿੱਚ ਚਿਤਕਾਰਾ ਦੇ ਵਿਦਿਆਰਥੀਆਂ ਵੱਲੋਂ ਪੁਰਾਣੇ ਵਾਹਨਾਂ ਨੂੰ ਈਵੀ ਵਿੱਚ ਬਦਲਣ ਦੀ ਤਕਨੀਕ ਦੀ ਸ਼ਲਾਘਾ ਕਰਦਿਆਂ ਰਾਜਪਾਲ ਹਰਿਆਣਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਖੋਜ ’ਤੇ ਜ਼ੋਰ ਦੇਣਾ ਚਾਹੀਦਾ ਹੈ। ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਰਾਜਪਾਲ ਨੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ।