ਭਗਵਾਨ ਵਾਲਮੀਕਿ ‘ਤੇ ਟਿੱਪਣੀ ਕਰਨ ਵਾਲੇ ਫਿਲਮ ਅਦਾਕਾਰ ਰਾਣਾ ਜੰਗ ਬਹਾਦੁਰ ਦੀ ਜ਼ਮਾਨਤ ਪਟੀਸ਼ਨ ਖਾਰਜ
ਚੰਡੀਗੜ੍ਹ,21 ਜੁਲਾਈ (ਵਿਸ਼ਵ ਵਾਰਤਾ)- ਇੱਕ ਟੀਵੀ ਸ਼ੋਅ ਦੌਰਾਨ ਭਗਵਾਨ ਵਾਲਮੀਕਿ ਬਾਰੇ ਟਿੱਪਣੀ ਕਰਨ ਵਾਲੇ ਪੰਜਾਬੀ ਫਿਲਮ ਅਦਾਕਾਰ ਰਾਣਾ ਜੰਗ ਬਹਾਦਰ ਨੂੰ ਅਦਾਲਤ ਤੋਂ ਰਾਹਤ ਨਹੀਂ ਮਿਲੀ ਹੈ। ਹਾਈਕੋਰਟ ਦੇ ਜਸਟਿਸ ਸਰਬਜੀਤ ਸਿੰਘ ਧਾਲੀਵਾਲ ਨੇ ਪੰਜਾਬੀ ਫਿਲਮਾਂ ‘ਚ ਕਾਮੇਡੀਅਨ ਅਤੇ ਖਲਨਾਇਕ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਰਾਣਾ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਜਿਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ। ਜਿਕਰਯੋਗ ਹੈ ਕਿ ਰਾਣਾ ਜੰਗ ਬਹਾਦੁਰ ਨੇ ਜਲੰਧਰ ਦੀ ਅਦਾਲਤ ‘ਚ ਅਗਾਊਂ ਜ਼ਮਾਨਤ ਦੀ ਪਟੀਸ਼ਨ ਦਾਇਰ ਕੀਤੀ ਸੀ ਪਰ,ਅਦਾਲਤ ਨੇ ਉਨ੍ਹਾਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਸੀ ਅਤੇ ਜਾਂਚ ‘ਚ ਸ਼ਾਮਲ ਹੋਣ ਲਈ ਕਿਹਾ ਸੀ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਉਸ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।