ਭਾਜਪਾ ਆਗੂ ਬੱਗਾ ਦੀ ਗ੍ਰਿਫਤਾਰੀ ਤੇ ਮਚਿਆ ਸਿਆਸੀ ਬਵਾਲ
ਹਾਈਕੋਰਟ ਜਾਣ ਦੀ ਤਿਆਰੀ ‘ਚ ਪੰਜਾਬ ਪੁਲਿਸ,ਪੰਜਾਬ ਪੁਲਿਸ ਦੇ ਏਡੀਜੀਪੀ ਕੁਰੂਕਸ਼ੇਤਰ ਰਵਾਨਾ
ਚੰਡੀਗੜ੍ਹ,6ਮਈ(ਵਿਸ਼ਵ ਵਾਰਤਾ)- ਭਾਜਪਾ ਆਗੂ ਤਜਿੰਦਰਪਾਲ ਬੱਗਾ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ,ਹਰਿਆਣਾ ਅਤੇ ਦਿੱਲੀ ਦੀ ਸਿਆਸਤ ਭਖੀ ਹੋਈ ਹੈ। ਦਿੱਲੀ ਪੁਲਿਸ ਵੱਲੋਂ ਪੰਜਾਬ ਪੁਲਿਸ ਖਿਲਾਫ ਬੱਗਾ ਨੂੰ ਕਿਡਨੈਪ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਬੱਗਾ ਨੂੰ ਮੋਹਾਲੀ ਲਿਆ ਰਹੀ ਪੰਜਾਬ ਪੁਲਿਸ ਦੀ ਟੀਮ ਨੂੰ ਰੋਕ ਲਿਆ ਹੈ। ਹੁਣ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਹਾਈਕੋਰਟ ਦਾ ਰੁਖ ਕਰ ਸਕਦੀ ਹੈ। ਜਾਣਕਾਰੀ ਅਨੁਸਾਰ ਥੋੜ੍ਹੀ ਦੇਰ ਵਿੱਚ ਪੰਜਾਬ ਪੁਲਿਸ ਹਾਈਕੋਰਟ ਵਿੱਚ ਪਟੀਸ਼ਨ ਪਾ ਸਕਦੀ ਹੈ। ਇਹ ਵੀ ਦੱਸ ਦਈਏ ਕਿ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਬੱਗਾ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਨੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਜਦੋਂ ਕਿ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਪੁਲਿਸ ਦਾ ਇੱਕ ਡੀਐਸਪੀ ਲਿਖਤੀ ਜਾਣਕਾਰੀ ਦੇਣ ਲਈ ਜਨਕਪੁਰੀ ਥਾਣੇ ਪਹੁੰਚਿਆ ਹੋਇਆ ਹੈ ਪਰ,ਉਸ ਕੋਲੋਂ ਕੋਈ ਜਾਣਕਾਰੀ ਨਹੀਂ ਲਈ ਗਈ ਹੈ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਦੇ ਏਡੀਜੀਪੀ ਕੁਰੂਕਸ਼ੇਤਰ ਲਈ ਰਵਾਨਾ ਹੋਏ ਹਨ ਜੋ ਕੁੱਝ ਦੇਰ ਵਿੱਚ ਕੁਰੂਕਸ਼ੇਤਰ ਪਹੁੰਚ ਜਾਣਗੇ।