ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ‘ਚ ਸ਼ਾਮਿਲ ਹੋਣਗੇ ਸਿੱਧੂ ਮੂਸੇਵਾਲਾ ਦੇ ਮਾਤਾ
ਪਿੰਡ ਮੂਸਾ ਤੋਂ ਜਥਾ ਰਵਾਨਾ
ਮੁਹਾਲੀ, 8 ਫਰਵਰੀ(ਵਿਸ਼ਵ ਵਾਰਤਾ ਬਿਉਰੋ)- ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ 32 ਦਿਨਾਂ ਤੋਂ ਮੁਹਾਲੀ ਵਿਖੇ ਲੱਗੇ ਮੋਰਚੇ ਲਈ ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਤੋਂ ਇੱਕ ਜਥਾ ਰਵਾਨਾ ਹੋਇਆ ਹੈ। ਇਸ ਜਥੇ ਦੀ ਅਗਵਾਈ ਮਰਹੂਮ ਗਾਇਕ ਦੇ ਮਾਤਾ ਅਤੇ ਪਿੰਡ ਦੇ ਸਰਪੰਚ ਚਰਨ ਕੌਰ ਨੇ ਕੀਤੀ ਅਤੇ ਇਸ ਵਿੱਚ ਮੂਸੇਵਾਲਾ ਦੇ ਪ੍ਰਸ਼ੰਸਕਾਂ ਸਮੇਤ ਪੰਜਾਬੀ ਕਾਮੇਡੀਅਨ ਭਾਨਾ ਭਗੌੜਾ ਵੀ ਪਿੰਡ ਤੋਂ ਰਵਾਨਾ ਹੋਏ।
ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਕਿਹਾ ਕਿ ਮੌਰਚੇ ਵਿਚ ਜਾਣ ਦਾ ਫ਼ੈਸਲਾ ਉਨ੍ਹਾਂ ਦਾ ਨਿੱਜੀ ਹੈ ਅਤੇ ਇਸ ਦਾ ਕੋਈ ਹੋਰ ਸਵਾਰਥ ਨਹੀਂ ਹੈ, ਜਦੋਂ ਕਿ ਉਨ੍ਹਾਂ ਦੇ ਸਪੁੱਤਰ ਸਿੱਧੂ ਮੂਸੇਵਾਲਾ ਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਗੀਤ ਗਾਇਆ ਸੀ, ਜਿਸ ਨੂੰ ਪਿਛੋਂ ਸਰਕਾਰ ਨੇ ਬੈਨ ਕਰ ਦਿੱਤਾ ਗਿਆ ਸੀ।