ਬੋਰਵੈਲ ਤੇ ਟਿਊਬਵੈਲਾਂ ਦੀ ਮੁਰੰਮਤ ਜਾਂ ਖੁਦਾਈ ਸਬੰਧੀ ਸਖ਼ਤ ਹਦਾਇਤਾਂ ਜਾਰੀ
ਕਪੂਰਥਲਾ,28 ਜੁਲਾਈ (ਵਿਸ਼ਵ ਵਾਰਤਾ)-ਜਿਲਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਵਲੋਂ ਬੋਰਵੈਲ ਅਤੇ ਟਿਊਬਵੈਲਾਂ ਦੀ ਮੁਰੰਮਤ ਜਾਂ ਖੁਦਾਈ ਸਬੰਧੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਉਨਾਂ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਕੱਚੀਆਂ ਖੂਹੀਆਂ ਅਤੇ ਬੋਰਵੈਲ/ਟਿਊਬਵੈੱਲ ਪੁੱਟਣ ਕਾਰਨ ਲੋਕਾਂ ਅਤੇ ਬੱਚਿਆਂ ਦੇ ਇਨਾਂ ‘ਚ ਗਿਰ ਜਾਣ ਨਾਲ ਹੁੰਦੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਣ ਲਈ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਹੁਕਮ ਜਾਰੀ ਕੀਤੇ ਗਏ ਹਨ।
ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜ਼ਮੀਨ ਮਾਲਕ ਖੂਹ/ਬੋਰ ਪੁੱਟਣ ਤੋਂ ਪਹਿਲਾਂ ਜ਼ਿਲਾ ਕੁਲੈਕਟਰ, ਸੰਬੰਧਿਤ ਸਰਪੰਚ ਗ੍ਰਾਮ ਪੰਚਾਇਤ, ਮਿਊਂਸੀਪਲ ਕਾਰਪੋਰੇਸ਼ਨ, ਨਗਰ ਕੌਂਸਲ, ਜਨ ਸਿਹਤ ਵਿਭਾਗ ਜਾਂ ਭੂਮੀ ਰੱਖਿਆ ਵਿਭਾਗ (ਗਰਾਊਂਡ ਵਾਟਰ) ਨੂੰ 15 ਦਿਨ ਪਹਿਲਾਂ ਸੂਚਿਤ ਕਰੇਗਾ ਅਤੇ ਖੂਹ/ਬੋਰਵੈਲ ਪੁੱਟਣ ਜਾਂ ਮੁਰੰਮਤ ਕਰਨ ਵਾਲੀਆਂ ਸਾਰੀਆਂ ਸਰਕਾਰੀ/ਅਰਧ ਸਰਕਾਰੀ/ਪ੍ਰਾਈਵੇਟ ਏਜੰਸੀਆਂ ਦੀ ਰਜਿਸਟ੍ਰੇਸ਼ਨ ਹੋਣਾ ਜ਼ਰੂਰੀ ਹੈ।
ਖੂਹ ਜਾਂ ਬੋਰਵੈਲ ਦੇ ਪੁੱਟਣ ਜਾਂ ਮੁਰੰਮਤ ਵਾਲੀ ਥਾਂ ‘ਤੇ ਡਰਿਲਿੰਗ ਏਜੰਸੀ ਅਤੇ ਖੂਹ/ਬੋਰਵੈਲ ਲਵਾਉਣ ਵਾਲੇ ਮਾਲਕ ਦੇ ਪੂਰੇ ਪਤੇ ਵਾਲਾ ਸਾਈਨ ਬੋਰਡ ਲਗਾਇਆ ਜਾਵੇ ਅਤੇ ਉਸ ਸਾਈਨ ਬੋਰਡ ‘ਤੇ ਡਰਿਲਿੰਗ ਏਜੰਸੀ ਦਾ ਰਜਿਸਟ੍ਰੇਸ਼ਨ ਨੰਬਰ ਲਿਖਿਆ ਹੋਣਾ ਵੀ ਲਾਜ਼ਮੀ ਹੋਵੇਗਾ।
ਖੂਹ ਜਾਂ ਬੋਰਵੈਲ ਦੇ ਆਲੇ-ਦੁਆਲੇ ਕੰਡਿਆਲੀ ਤਾਰ ਅਤੇ ਇਸ ਨੂੰ ਸਟੀਲ ਪਲੇਟ ਦੇ ਢੱਕਣ ਨਾਲ ਨਟ-ਬੋਲਟ ਬੰਦ ਕਰਕੇ ਕਵਰ ਕਰਕੇ ਰੱਖਿਆ ਜਾਵੇ ਅਤੇ ਖੂਹ/ਬੋਰ ਦਾ ਢੱਕਣ ਕੇਸਿੰਗ ਪਾਇਪ ਨਾਲ ਨਟ-ਬੋਲਟ ਨਾਲ ਫਿਕਸ ਹੋਣਾ ਚਾਹੀਦਾ ਹੈ।
ਖੂਹ ਜਾਂ ਬੋਰਵੈਲ ਦੇ ਆਲੇ-ਦੁਆਲੇ ਸੀਮਿੰਟ/ਕੰਕਰੀਟ ਦਾ ਪਲੇਟਫਾਰਮ ਜੋ ਜ਼ਮੀਨੀ ਲੇਬਲ ਤੋਂ 0.50 x 0.50 x 0.60 ਮੀਟਰ (ਜ਼ਮੀਨੀ ਪੱਧਰ ਤੋਂ 0.30 ਮੀਟਰ ਉੱਪਰ ਅਤੇ ਜ਼ਮੀਨੀ ਪੱਧਰ ਤੋਂ 0.30 ਮੀਟਰ ਹੇਠਾਂ) ਖੂਹ ਦੇ ਆਲੇ-ਦੁਆਲੇ ਉਸਾਰੀ ਕੀਤੀ ਜਾਣੀ ਲਾਜ਼ਮੀ ਹੈ।
ਖੂਹ/ਬੋਰਵੈਲ ਪੁੱਟਣ ਜਾਂ ਮੁਰੰਮਤ ਉਪਰੰਤ ਖਾਲੀ ਥਾਂ ਜੇਕਰ ਕੋਈ ਹੋਵੇ, ਨੂੰ ਮਿੱਟੀ ਨਾਲ ਭਰਿਆ ਜਾਵੇ/ਖਾਲੀ ਪਏ ਬੋਰਵੈਲ/ਖੂਹ ਨੂੰ ਮਿੱਟੀ/ਰੇਤਾ ਨਾਲ ਉੱਪਰ ਤੱਕ ਭਰਿਆ ਜਾਵੇ ਅਤੇ ਕੰਮ ਮੁਕੰਮਲ ਹੋਣ ਉਪਰੰਤ ਜ਼ਮੀਨੀ ਲੇਬਲ ਨੂੰ ਪਹਿਲਾਂ ਦੀ ਤਰ੍ਹਾਂ ਕੀਤਾ ਜਾਵੇ।
ਖੂਹ ਜਾਂ ਬੋਰਵੈਲ ਨੂੰ ਕਿਸੇ ਵੀ ਹਾਲਤ ਵਿਚ ਖੁੱਲ੍ਹਾ ਨਾ ਛੱਡਿਆ ਜਾਵੇ। ਨਕਾਰਾ ਪਏ ਖੂਹ ਨੂੰ ਚੀਕਨੀ ਮਿੱਟੀ/ਪੱਥਰ,ਕੰਕਰੀਟ ਵਗੈਰਾ ਤਲ ਤੋਂ ਲੈ ਕੇ ਉਪਰ ਤੱਕ ਚੰਗੀ ਤਰ੍ਹਾਂ ਭਰ ਕੇ ਬੰਦ ਕਰਨਾ ਚਾਹੀਦਾ ਹੈ।
ਪੇਂਡੂ ਇਲਾਕੇ ਵਿਚ ਸਰਪੰਚ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਅਤੇ ਸ਼ਹਿਰੀ ਇਲਾਕੇ ਵਿਚ ਜਨ ਸਿਹਤ ਵਿਭਾਗ , ਭੂਮੀ ਰੱਖਿਆ (ਗਰਾਂਊਡ ਵਾਟਰ), ਨਗਰ ਕੌਂਸਲਾਂ ਦੇ ਜੂਨੀਅਰ ਇੰਜੀਨੀਅਰਾਂ ਅਤੇ ਕਾਰਜਕਾਰੀ ਅਧਿਕਾਰੀਆਂ ਵਲੋਂ ਆਪਣੇ-ਆਪਣੇ ਅਧਿਕਾਰਤ ਖੇਤਰਾਂ ਦੀ ਹਰ ਮਹੀਨੇ ਰਿਪੋਰਟ ਤਿਆਰ ਕੀਤੀ ਜਾਵੇਗੀ ਕਿ ਉਨ੍ਹਾਂ ਦੇ ਏਰੀਏ ਵਿਚ ਕਿੰਨੇ ਬੋਰਵੈਲ/ਖੂਹ ਆਦਿ ਨਵੇਂ ਖੁਦਵਾਏ ਗਏ,ਕਿੰਨੀਆਂ ਦੀ ਮੁਰੰਮਤ ਕਰਵਾਈ,ਕਿੰਨੇ ਵਰਤੋਂ ਵਿਚ ਹਨ, ਕਿੰਨੇ ਭਰਵਾਏ ਗਏ ਹਨ। ਇਨ੍ਹਾਂ ਵਿਭਾਗਾਂ ਵਲੋਂ ਆਪਣੇ-ਆਪਣੇ ਖੇਤਰ ਦੀ ਉਪਰੋਕਤ ਰਿਪੋਰਟ ਦੀ ਇਕ ਕਾਪੀ ਆਪਣੇ ਦਫਤਰ ਵਿਚ ਰਿਕਾਰਡ ਦੇ ਤੌਰ ਤੇ ਰੱਖੀ ਜਾਵੇਗੀ ਅਤੇ ਇਕ ਕਾਪੀ ਹਰ ਮਹੀਨੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਪੂਰਥਲਾ ਨੂੰ ਭੇਜੀ ਜਾਵੇਗੀ। ਇਹ ਹੁਕਮ 24-09-2022 ਤੱਕ ਲਾਗੂ ਰਹੇਗਾ।