ਲਖੀਮਪੁਰ ਲਈ ਰਵਾਨਾ ਹੋਇਆ ਕਾਂਗਰਸ ਦਾ ਕਾਫਲਾ
ਬੇੇਟੇ ਦੀ ਮੰਗਣੀ ਦਾ ਪ੍ਰੋਗਰਾਮ ਵਿਚਾਲੇ ਛੱਡ ਕੇ ਕਾਫਲੇ ਨੂੰ ਤੋਰਨ ਆਏ ਮੁੱਖ ਮੰਤਰੀ ਚੰਨੀ
ਨਵਜੋਤ ਸਿੱਧੂ ਸਮੇਤ ਵੱਡੇ ਆਗੂ ਮਾਰਚ ਵਿੱਚ ਮੌਜੂਦ
ਚੰਡੀਗੜ੍ਹ,7 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਕਾਂਗਰਸ ਅੱਜ ਉੱਤਰ ਪ੍ਰਦੇਸ਼ ਦੇ ਲਖੀਮਪੁਰ ਵਿਖੇ ਹੋਈ ਹਿੰਸਾ ਵਿੱਚ ਮਾਰੇ ਗਏ ਕਿਸਾਨਾਂ ਦੇ ਰੋਸ ਵਜੋਂ ਅਤੇ ਆਰੋਪੀ ਮੰਤਰੀ ਦੇ ਬੇਟੇ ਦੀ ਅਜੇ ਤੱਕ ਗ੍ਰਿਫਤਾਰੀ ਨਾ ਹੋਣ ਦੇ ਵਿਰੋਧ ਵਿੱਚ ਲਖੀਮਪੁਰ ਖੇੜੀ ਤੱਕ ਮਾਰਚ ਕਰੇਗੀ। ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਸ਼ਾਮਿਲ ਹਨ। ਪਹਿਲਾਂ ਇਸ ਦੀ ਅਗਵਾਈ ਨਵਜੋਤ ਸਿੱਧੂ ਵੱਲੋਂ ਕਰਨ ਦੀ ਗੱਲ ਕਹੀ ਗਈ ਸੀ,ਪਰ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁਦ ਇਸ ਕਾਫਲੇ ਨੂੰ ਰਵਾਨਾ ਕਰਨ ਆਏ ਹਨ। ਗੌਰਤਲਬ ਹੈ ਕਿ ਮੁੱਖ ਮੰਤਰੀ ਦੇ ਬੇਟੇ ਦਾ ਵਿਆਹ ਨਜ਼ਦੀਕ ਹੋਣ ਕਾਰਨ ਉਹਨਾਂ ਦੇ ਘਰ ਵਿੱਚ ਅੱਜ ਪ੍ਰੋਗਰਾਮ ਸੀ , ਪਰ ਮੁੱਖ ਮੰਤਰੀ ਪ੍ਰੋਗਰਾਮ ਵਿਚਾਲੇ ਛੱਡ ਕੇ ਹੀ ਇਸ ਕਾਫਲੇ ਨੂੰ ਤੋਰਨ ਆਏ ਹਨ।
ਇਸ ਦੇ ਨਾਲ ਹੀ ਖਾਸ ਗੱਲ ਇਹ ਹੈ ਕਿ ਇਸ ਪੂਰੇ ਕਾਫਲੇ ਵਿੱਚ ਕਿਤੇ ਵੀ ਕਾਂਗਰਸ ਪਾਰਟੀ ਦਾ ਝੰਡਾ ਨਹੀਂ ਦਿਖਾਈ ਦੇ ਰਿਹਾ । ਨਵਜੋਤ ਸਿੱਧੂ ਸਮੇਤ ਸਾਰੇ ਹੀ ਲੀਡਰਾਂ ਅਤੇ ਪਾਰਟੀ ਵਰਕਰਾਂ ਨੇ ਆਪਣੇ ਹੱਥਾਂ ਵਿੱਚ ਅਤੇ ਗੱਡੀਆਂ ਤੇ ਸਿਰਫ ਕਿਸਾਨੀ ਝੰਡੇ ਹੀ ਲਗਾਏ ਹੋਏ ਹਨ।