ਜੰਮੂ ਦੇ ਪੁੰਛ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ
ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ,ਕਈ ਮੌਤਾਂ
ਚੰਡੀਗੜ੍ਹ,14 ਸਤੰਬਰ(ਵਿਸ਼ਵ ਵਾਰਤਾ)-ਜੰਮੂ-ਕਸ਼ਮੀਰ ਦੇ ਪੁੰਛ ‘ਚ ਬੁੱਧਵਾਰ ਨੂੰ ਬੱਸ ਹਾਦਸੇ ‘ਚ 12 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ 30 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਮੰਡੀ ਅਤੇ ਪੁੰਛ ਦੇ ਜ਼ਿਲਾ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਸਥਾਨਕ ਲੋਕਾਂ ਨੇ ਫੌਜ ਦੇ ਨਾਲ ਮਿਲ ਕੇ ਬੱਸ ‘ਚ ਫਸੇ ਜ਼ਖਮੀ ਯਾਤਰੀਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਪੰਜ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਤੋਂ ਜੰਮੂ ਦੇ ਜੀਐਮਸੀ ਹਸਪਤਾਲ ਲਿਜਾਇਆ ਗਿਆ ਹੈ।
ਮੰਡੀ ਦੇ ਤਹਿਸੀਲਦਾਰ ਸ਼ਹਿਜ਼ਾਦ ਲਤੀਫ਼ ਅਨੁਸਾਰ ਇਹ ਹਾਦਸਾ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਸਾਵਜੀਆਂ ਨੇੜੇ ਵਾਪਰਿਆ। ਮਿੰਨੀ ਬੱਸ (ਜੇ.ਕੇ.12-1419) ਮੰਡੀ ਤੋਂ ਸਵਾਰੀਆਂ ਜਾ ਰਹੀ ਸੀ। ਜਿਵੇਂ ਹੀ ਬੱਸ ਸਾਵਜੀਆਂ ਨੇੜੇ ਬਰਾਰੀ ਬੱਲਾ ਕੋਲ ਪੁੱਜੀ ਤਾਂ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਡੂੰਘੀ ਖੱਡ ਵਿੱਚ ਜਾ ਡਿੱਗੀ। 9 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਾਕੀ 4 ਲੋਕਾਂ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ।
ਹਾਦਸੇ ‘ਚ ਜਾਨ ਗਵਾਉਣ ਵਾਲੇ 9 ਲੋਕਾਂ ਦੀ ਪਛਾਣ ਹੋ ਗਈ ਹੈ। ਇਨ੍ਹਾਂ ਵਿੱਚ ਮਾਰੂਫ ਅਹਿਮਦ (14), ਬਸ਼ੀਰ ਅਹਿਮਦ (40), ਰੋਜ਼ੀਆ ਅਖਤਰ (18), ਜ਼ਰੀਨਾ ਬੇਗਮ (40), ਮੁਹੰਮਦ ਹਸਨ (65), ਨਾਜ਼ੀਮਾ ਅਖਤਰ (20), ਇਮਰਾਨ ਅਹਿਮਦ (5), ਅਬਦੁਲ ਕਰੀਮ (70) ਅਤੇ ਅਬਦੁਲ ਕਯੂਮ (40) ਸ਼ਾਮਲ ਹਨ।