ਬੇਅਦਬੀ ਕਾਂਡ ਦੇ ਦੋਸ਼ੀ ਪੰਜਾਬ ਵਿੱਚ ਨਹੀ ਰਹਿ ਸਕਦੇ- ਸਰਨਾ
ਅੰਮਿ੍ਰਤਸਰ 26 ਜੂਨ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਤੇ ਕਰਾਉਣ ਵਾਲੇ ਪੰਜਾਬ ਦੇ ਲੋਕ ਕਿਸੇ ਵੀ ਕੀਮਤ ਤ ਬਰਦਾਸ਼ਤ ਨਹੀ ਕਰਨਗੇ ਤੇ ਅਜਿਹੇ ਸਿਆਸੀ ਲੋਕਾਂ ਨੂੰ ਪੰਜਾਬ ਤੋ ਬਾਹਰ ਜਾਣ ਲਈ ਮਜਬੂਰ ਕਰ ਦੇਣਗੇ।
ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਇਹ ਕੰਧ ਤੇ ਲਿਖਿਆ ਸੱਚ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਕਾਲੀ ਰਾਜ ਵਿੱਚ ਹੋਈ ਜੋ ਅਕਾਲੀ ਦਲ ਦੇ ਮੱਥੇ ਤੇ ਕਲੰਕ ਹੈ ਅਤੇ ਫਿਰ ਪੌਣੇ ਦੋ ਸਾਲ ਸਰਕਾਰ ਰਹਿਣ ਦੇ ਬਾਵਜੂਦ ਵੀ ਦੋਸ਼ੀਆ ਵਿਰੁੱਧ ਕੋਈ ਕਾਰਵਾਈ ਨਾ ਕਰਨਾ ਸਾਬਤ ਕਰਦਾ ਹੈ ਕਿ ਸੱਤਾਧਾਰੀ ਕੁਰਸੀ ਲਈ ਬੇਅਦਬੀ ਤੋ ਵੀ ਅੱਗੇ ਜਾ ਸਕਦੇ ਹਨ। ਉਹਨਾਂ ਕਿਹਾ ਕਿ ਪੰਝੀ ਸਾਲ ਰਾਜ ਕਰਨ ਦੀਆਂ ਬਾਤਾਂ ਪਾਉਣ ਵਾਲਿਆ ਨੂੰ ਗੁਰੂਦਾ ਅਜਿਹਾ ਸਰਾਪ ਲੱਗਾ ਕਿ ਉਹ ਵਿਧਾਨ ਸਭਾ ਦੀਆ ਚੋਣਾਂ ਵਿੱਚ 25 ਸੀਟਾਂ ਵੀ ਹਾਸਲ ਨਾ ਕਰ ਸਕੇ ਤੇ ਵਿਰੋਧੀ ਧਿਰ ਵੀ ਨਾ ਬਣ ਸਕੇ। ਉਹਨਾਂ ਕਿਹਾ ਕਿ ਕੰਧ ਤੇ ਲਿਖਿਆ ਸੱਚ ਹੈ ਕਿ ਬੇਅਦਬੀ ਕਰਾਉਣ ਵਿੱਚ ਬਾਦਲ ਸਰਕਾਰ ਦਾ ਹੱਥ ਰਿਹਾ ਹੈ ਤੇ ਬੇਅਦਬੀ ਦੇ ਸੂਤਰਧਾਰ ਹੀ ਬਾਦਲ ਪਰਿਵਾਰ ਹੈ। ਉਹਨਾਂ ਕਿਹਾ ਕਿ ਲਿਪੂ ਠਿਪੂ ਕਰਨ ਦੀ ਬਜਾਏ ਬਾਦਲਕੇ ਸਿੱਧੇ ਹੋ ਕੇ ਸਿੱਟ ਨੂੰ ਸਹਿਯੋਗ ਦੇਣ ਤੇ ਗੁੰਮਰਾਹ ਕਰਕੇ ਫਿਰ ਮੁੱਦੇ ਤੋ ਭਟਕਾਉਣ ਦੇ ਯਤਨ ਨਾ ਕਰਨ। ਉਹਨਾਂ ਕਿਹਾ ਕਿ ਇਹ ਕੰਧ ਤੇ ਲਿਖਿਆ ਸੱਚ ਹੈ ਕਿ ਬੇਅਦਬੀ ਕਰਨ ਵਾਲਿਆ ਦੀ ਬਾਦਲਾਂ ਨੇ ਪੁਸ਼ਤਪਨਾਹੀ ਕੀਤੀ ਤੇ ਹੁਣ ਸ਼ੋਰ ਮਚਾ ਕੇ ਸੱਚੇ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਤਾਂ 2017 ਵਿੱਚ ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਚੋਣਾਂ ਵਿੱਚ ਬਾਦਲਾਂ ਦਾ ਫੱਟਾ ਘਸੀੜ ਕੇ ਪੋਚ ਦਿੱਤਾ ਤੇ ਹੁਣ ਜਿਹੜਾ ਇਹ ਬਾਰ ਬਾਰ ਕਹਿ ਰਹੇ ਹਨ ਕਿ ਬੇਅਦਬੀ ਕਰਨ ਵਾਲਿਆ ਦਾ ਕੱਖ ਨਾ ਰਹੇ ਵਾਲੀ ਖਾਹਿਸ਼ ਵੀ ਗੁਰੂ ਸਾਹਿਬ ਦੇ ਅਸ਼ੀਰਵਾਦ ਨਾਲ ਪੰਜਾਬ ਦੇ ਲੋਕ ਇਹਨਾਂ ਦੀ 2022 ਵਿੱਚ ਪੂਰੀ ਕਰ ਦੇਣਗੇ। ਉਹਨਾਂ ਕਿਹਾ ਕਿ ਬੇਅਦਬੀ ਨੂੰ ਲੈ ਕੇ ਇਕੱਲੇ ਸਿੱਖ ਹੀ ਨਹੀ ਸਗੋ ਦੁਨੀਆ ਭਰ ਵਿੱਚ ਵੱਸਦੀ ਨਾਨਕ ਨਾਮ ਲੇਵਾ ਸੰਗਤ ਦੁੱਖੀ ਅਤੇ ਚਾਹੁੰਦੀ ਹੈ ਕਿ ਬਾਦਲਾਂ ਨੂੰ ਬਿਨਾਂ ਕਿਸੇ ਦੇਰੀ ਦੇ ਸਜਾਵਾਂ ਦਿੱਤੀਆ ਜਾਣ।