ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ 13 *ਚੋਂ 1 ਵੀ ਸੀਟ ਨਹੀਂ ਮਿਲੇਗੀ
ਅਮਰਿੰਦਰ ਸਰਕਾਰ ਤੋਂ ਇਕ ਸਾਲ ਵਿਚ ਪੂਰਾ ਮੰਤਰੀ ਮੰਡਲ ਨਹੀਂ ਬਣ ਸਕਿਆ
ਮਾਨਸਾ, 11 ਮਾਰਚ
ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਸਾਰੇ ਅਟਕਲ ਪੱਚੂਆਂ ਨੂੰ ਖਤਮ ਕਰਦਿਆਂ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬਠਿੰਡੇ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਹਮੇਸ਼ਾ ਹੱਦ ਤੋਂ ਵੱਧ ਪਿਆਰ ਦਿੱਤਾ ਹੈ, ਇਸ ਲਈ ਉਹ ਜਿਨ੍ਹਾਂ ਚਿਰ ਰਾਜਨੀਤੀ ਵਿੱਚ ਰੋਹਣਗੇ, ਉਹ ਇਸ ਹਲਕੇ ਨੂੰ ਛੱਡਕੇ ਨਹੀ ਜਾਣਗੇ। ਬੀਬੀ ਬਾਦਲ ਨੇ ਸਾਫ ਕਿਹਾ ਕਿ ਉਨ੍ਹਾਂ ਦੇ ਮੁਕਾਬਲੇ, ਜੋ ਮਰਜੀ ਚੋਣ ਲੜ ਲਵੇ, ਉਹ ਹਲਕੇ ਤੋਂ ਭੱਜਣ ਵਾਲੇ ਨਹੀਂ ਹਨ। ਉਹ ਮਾਨਸਾ ਵਿਖੇ ਅਣਚਾਹੇ ਬੱਚਿਆਂ ਲਈ ਬਣੇ ਪੰਘੂੜਾ ਘਰ ਦਾ ਉਦਘਾਟਨ ਕਰਨ ਲਈ ਆਏ ਸਨ, ਜਿਸ ਦੌਰਾਨ ਉਨ੍ਹਾਂ ਕੁਝ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਐਲਾਨ ਕੀਤਾ।
ਇਸ ਤੋਂ ਪਹਿਲਾਂ ਉਨ੍ਹਾਂ ਆਪਣੀ ਤਕਰੀਰ ਦੌਰਾਨ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਇਕ ਸਾਲ ਵਿਚ ਹੀ ਮੋਹ ਭੰਗ ਹੋ ਗਿਆ ਹੈ ਅਤੇ ਬੇਹੱਦ ਨਿਰਾਸ਼ਾਜਨਕ ਇਸ ਸਰਕਾਰ ਦੀ ਕਾਰਗੁਜਾਰੀ ਨੇ ਲੋਕਾਂ ਦੇ ਨੱਕ ਵਿਚ ਦਮ ਲਿਆ ਰੱਖਿਆ ਹੈ। ਉਨ੍ਹਾਂ ਕਿਹਾ ਕਿ ਅਨੇਕਾਂ ਸਹੂਲਤਾਂ ਦੇ ਦਮਗਜੇ ਮਾਰਨ ਵਾਲੀ ਇਹ ਹਕੂਮਤ ਨੇ ਪਿਛਲੀ ਸਰਕਾਰ ਦੀਆਂ ਸਕੀਮਾਂ ਨੂੰ ਵੀ ਖਤਮ ਕਰ ਦਿੱਤਾ ਹੈ ਅਤੇ ਜਨਤਕ ਸਹੂਲਤਾਂ ਨੂੰ ਲੋਕ ਵਿਲਕਣ ਲੱਗੇ ਹਨ, ਪਰ ਕਿਸੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਦੀ ਗੌਰਮਿਟ ਤੋਂ ਲੋਕਾਂ ਦਾ ਵੀ ਕੁਝ ਨਹੀਂ ਬਣਿਆ ਅਤੇ ਇਸ ਸਰਕਾਰ ਤੋਂ ਆਪਣਾ ਮੰਤਰੀ ਮੰਡਲ ਵੀ ਇਕ ਸਾਲ ਵਿਚ ਪੂਰਾ ਨਹੀਂ ਹੋ ਸਕਿਆ, ਜਿਸ ਕਾਰਨ ਲੋਕ ਅਨੇਕਾਂ ਮਹਿਕਮਿਆਂ ਦੇ ਵਜੀਰ ਨਾ ਹੋਣ ਕਾਰਨ ਵਿਕਾਸ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਅਨੇਕਾਂ ਵਿਭਾਗ ਆਪਣੇ ਕੋਲ ਰੱਖ ਰੱਖੇ ਹਨ ਅਤੇ ਆਪ ਆਪਣੇ ਵਿਧਾਇਕਾਂ ਤੱਕ ਨੂੰ ਦਰਸ਼ਨ ਨਹੀਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਾਹਕੋਟ ਦੀ ਜਿਮਨੀ ਚੋਣ ਸਮੇਤ ਸ੍ਰੋਮਣੀ ਅਕਾਲੀ ਦਲ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਇਕ ਵੀ ਸੀਟ ਨਹੀਂ ਜਿੱਤਣ ਦੇਵੇਗਾ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ 14 ਸਾਲ ਤੋਂ ਲੈਕੇ 60 ਸਾਲ ਤੱਕ ਦੀਆਂ ਅੋਰਤਾਂ ਨੂੰ ਕੰਪਿਊਟਰ ਸਿੱਖਲਾਈ ਦੇਣ ਲਈ ਇਨ੍ਹਾਂ ਸਿਲਾਈ ਸੈਂਟਰਾਂ ਵਿੱਚ ਹੀ ਪ੍ਰਬੰਧ ਕੀਤੇ ਗਏ ਹਨ। ਬੀਬੀ ਬਾਦਲ ਨੇ ਕਿਹਾ ਕਿ ਸ਼੍ਰੀ ਅਮ੍ਰਿਤਸਰ ਸਾਹਿਬ ਅਤੇ ਗੁਰੂ ਧਾਮ ਦੀ ਯਾਤਰਾ ਲਈ, ਜੋ ਵਿਅਕਤੀ ਪੈਸੇ ਦੀ ਘਾਟ ਕਾਰਨ ਇਹ ਯਾਤਰਾ ਨਹੀਂ ਕਰ ਸਕਦੇ ਹਨ, ਉਨ੍ਹਾਂ ਦਾ ਸੁਪਨਾ ਵੀ ਨੰਨ੍ਹੀ ਛਾਂ ਮੁੰਹਿਮ ਅਧੀਨ ਪੂਰਾ ਕੀਤਾ ਜਾਵੇਗਾ, ਜਿਸ ਦੀ ਸ਼ੁਰੂਆਤ ਅੱਜ ਮਾਨਸਾ ਜ਼ਿਲ੍ਹੇ ਤੋਂ ਬੱਸ ਭੇਜਕੇ ਕੀਤੀ ਗਈ ਹੈ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਜਗਦੀਪ ਸਿੰਘ ਨਕੱਈ, ਪੀHਏ ਅਨਮੋਲਪ੍ਰੀਤ ਸਿੰਘ, ਡਾH ਨਿਸ਼ਾਨ ਸਿੰਘ, ਪ੍ਰੇਮ ਅਰੋੜਾ, ਬਿੱਕਰ ਸਿੰਘ ਮਘਾਣੀਆਂ, ਰਘਬੀਰ ਸਿੰਘ, ਸਿਮਰਜੀਤ ਕੌਰ ਸਿੰਮੀ, ਚਿਤਵੰਤ ਕੌਰ, ਬਲਵਿੰਦਰ ਸਿੰਘ ਕਾਕਾ ਵੀ ਮੌਜੂਦ ਸਨ।
ਫੋਟੋ ਨੰਬਰ: 02
ਫੋਟੋ ਕੈਪਸ਼ਨ: ਹੋਲੀ ਹਾਰਟ ਸਕੂਲ ਮਾਨਸਾ ਵਿਖੇ ਅਣਚਾਹੇ ਬੱਚਿਆਂ ਲਈ ਬਣੇ ਪੰਘੁੜਾ ਘਰ ਦਾ ਉਦਘਾਟਨ ਕਰਦੇ ਹੋਏ ਕੇਂਦਰੀ ਬੀਬੀ ਹਰਸਿਮਰਤ ਕੌਰ ਬਾਦਲ। ਫੋਟੋ: ਸੁਰੇਸ਼
ਫੋਟੋ ਨੰਬਰ: 04
ਫੋਟੋ ਕੈਪਸ਼ਨ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੰਮ੍ਰਿਤਸਰ ਦੀ ਯਾਤਰਾ ਲਈ ਇਕ ਬੱਸ ਨੂੰ ਝੰਡੀ ਦੇਕੇ ਰਵਾਨਾ ਕਰਦੇ ਹੋਏ। ਫੋਟੋ: ਸੁਰੇਸ਼