ਬੀਕੇਯੂ-ਏਕਤਾ(ਡਕੌਂਦਾ) ਦੇ ਬਾਨੀ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਨੂੰ 11ਵੀਂ ਬਰਸੀ ‘ਤੇ ਸ਼ਰਧਾਂਜਲੀਆਂ
ਕਿਸਾਨ ਅੰਦੋਲਨ ਦੀ ਜਿੱਤ ਤੱਕ ਜੰਗ ਜਾਰੀ ਰੱਖਣ ਦਾ ਲਿਆ ਅਹਿਦ
ਚੰਡੀਗੜ੍ਹ,13 ਜੁਲਾਈ (ਵਿਸ਼ਵ ਵਾਰਤਾ)-ਸੰਯੁਕਤ ਕਿਸਨ ਮੋਰਚਾ ਦੀ ਅਗਵਾਈ ਹੇਠ ਜਗਰਾਉਂ, ਬਰਨਾਲਾ, ਮਹਿਲ ਕਲਾਂ, ਬਰੇਟਾ, ਬੁਢਲਾਡਾ, ਮਾਨਸਾ ਅਤੇ ਰਾਮਪੁਰਾ ਸਮੇਤ ਵੱਖ-ਵੱਖ ਥਾਵਾਂ ‘ਤੇ ਜਾਰੀ ਕਿਸਾਨੀ-ਧਰਨਿਆਂ ਦੇ 286 ਵੇਂ ਦਿਨ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਬਾਨੀ ਪ੍ਰਧਾਨ ਮਰਹੂਮ ਬਲਕਾਰ ਸਿੰਘ ਡਕੌੰਂਦਾ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਅਤੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਬਲਕਾਰ ਸਿੰਘ ਡਕੌਂਦਾ ਨੂੰ ਆਪਣੀ ਸੂਝ-ਸਿਆਣਪ, ਸਮਰਪਿਤ ਭਾਵਨਾ, ਦਲੇਰੀ ਕਾਰਨ ਕੁੱਝ ਹੀ ਸਮੇਂ ਵਿੱਚ ਜਥੇਬੰਦੀ ਦੇ ਜਨਰਲ ਸਕੱਤਰ ਵਜੋਂ ਵੱਡੀ ਜਿੰਮੇਵਾਰੀ ਸੰਭਾਲਣ ਦਾ ਮੌਕਾ ਮਿਲਿਆ। ਸਾਡਾ ਇਹ ਹਰਮਨਪਿਆਰਾ ਆਗੂ ਕਿਸਾਨੀ ਕਿੱਤੇ ਦੇ ਸੰਕਟ ਪਿੱਛੇ ਕੰਮ ਕਰਦੇ ਬੁਨਿਆਦੀ ਕਾਰਕਾਂ ਨੂੰ ਸਮਝਦਾ ਸੀ। ਉਹ ਇਹ ਵੀ ਜਾਣਦਾ ਸੀ ਕਿ ਇਹ ਸੰਕਟ ਇਕੱਲਾ ਕਿਸਾਨਾਂ ਦਾ ਹੀ ਨਹੀਂ ਸਗੋਂ ਕਿਰਤ ਕਰਨ ਵਾਲੇ ਸੱਭੇ ਲੋਕਾਂ ਦਾ ਖਾਸ ਕਰ ਪੇਂਡੂ ਖਿੱਤੇ ਦੀ ਸੱਭਿਅਤਾ ਦਾ ਸੰਕਟ ਹੈ। ਇਸ ਤੋਂ ਵੀ ਅੱਗੇ ਸਾਡਾ ਇਹ ਲੋਕਾਂ ਦਾ ਆਗੂ ਤਾਂ ਵਡੇਰੇ ਸੰਕਟ ਦੇ ਸਨਮੁੱਖ ਵਿਸ਼ਾਲ ਅਧਾਰ ਵਾਲੇ ਸਾਂਝੇ ਸੰਘਰਸ਼ਾਂ ਦੀ ਬੇਹੱਦ ਅਣਸਰਦੀ ਲੋੜ ਸਮਝਦਾ ਸੀ। ਕਿਸਾਨੀ ਘੋਲਾਂ ਵਿੱਚ ਮੋਹਰੀ ਹੋਕੇ ਗਿ੍ਰਫਤਾਰੀਆਂ ਦੇਣ ਵਾਲਾ, ਜੇਲ੍ਹਾਂ ਨੂੰ ਵੀ ਸਿਆਸੀ ਸਕੂਲਾਂ ਵਜੋਂ ਵਰਤਣ ਵਾਲਾ, ਪ੍ਰੋਗਰਾਮਾਂ ਨੂੰ ਵਿਉਂਤਣ ਦੀ ਵੀ ਪੂਰੀ ਮੁਹਾਰਤ ਰੱਖਣ ਵਾਲਾ ਬਲਕਾਰ ਸਿੰਘ ਡਕੌਂਦਾ ਜਿੰਨਾ ਸ਼ਕਲ ਸੂਰਤ ਪੱਖੋਂ ਸੋਹਣਾ ਸੀ, ਸੀਰਤ ਪੱਖੋਂ ਵੀ ਉਸ ਦਾ ਕੋਈ ਸਾਨੀ ਨਹੀਂ ਸੀ। ਨਰਮ , ਨੇਕ ਦਿਲ ਇਨਸਾਨ ਪਰ ਮੌਕਾ ਪੈਣ ਤੇ ਸ਼ੇਰ ਵਾਂਗ ਦਹਾੜਨ ਦਾ ਕੋਈ ਮੌਕਾ ਵੀ ਨਹੀਂ ਸੀ ਖੁੰਜਣ ਦਿੰਦਾ। ਬਲਕਾਰ ਸਿੰਘ ਡਕੌਂਦਾ ਦੀ ਪਛਾਣ ਜੇਕਰ ਕਿਸਾਨੀ ਸੰਘਰਸ਼ਾਂ ਵਿੱਚ ਮੋਹਰੀ ਭੂਮਿਕਾ ਨਿਭਾਂਉਣ ਵਾਲੇ ਉਂਗਲਾਂ ਉੱਪਰ ਗਿਣੇ ਜਾਣ ਵਾਲੇ ਸੰਘਰਸ਼ਸ਼ੀਲ ਕਿਸਾਨ ਆਗੂਆਂ ਵਿੱਚੋਂ ਤਾਂ ਸੀ ਹੀ, ਪਰ ਉਸ ਦੀ ਪਛਾਣ ਖੇਤੀ ਵਿਗਿਆਨੀਆਂ/ਆਰਥਿਕ ਮਾਹਰਾਂ ਖਾਸ ਕਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਜੇ.ਐਨ.ਯੂ, ਪੰਜਾਬ ਯੂਨੀਵਰਸਿਟੀ, ਐਮ.ਆਰ-2004 ਵਿੱਚ ਜਥੇਬੰਦੀ ਵੱਲੋਂ ਰੱਖੇ ਪਰਚਿਆਂ ਮੌਕੇ ਉਸ ਤੋੰ ਕਿਸੇ ਵਧੇਰੇ ਸੀ। ਕਿਉਂਕਿ ਬਲਕਾਰ ਤਾਂ ਯੂਨੀਵਰਸਿਟੀਆਂ ਦੇ ਪ੍ਰੋਫੇਸਰਾਂ/ਡਾਕਟਰਾਂ ਨਾਲ ਸੰਵਾਦ ਰਚਾਉਣ ਕਿਸਾਨੀ ਮਸਲੇ ਦਾ ਲੋਕ ਪੱਖੀ ਵਿਗਿਆਨਕ ਨਜਰੀਏ ਤੋਂ ਪੱਖ ਰੱਖਣ ਵਿੱਚ ਵੀ ਪੂਰੀ ਮੁਹਾਰਤ ਰੱਖਦਾ ਸੀ। ਇਸ ਕਰਕੇ ਬਲਕਾਰ ਸਿੰਘ ਡਕੌਂਦਾ ਬਹੁਪਰਤੀ ਸਖਸ਼ੀਅਤ ਦਾ ਮਾਲਕ ਸੀ । ਕਿਸਾਨੀ ਦੀਆਂ ਆਰਥਿਕ ਮੰਗਾਂ ਦੇ ਨਾਲ ਰਾਜਕੀ ਜਬਰ ਦੇ ਵਰਤਾਰਿਆਂ ਪ੍ਰਤੀ ਵੀ ਸੁਚੇਤ ਸੀ। ਸਮਾਜਿਕ ਜਬਰ ਦੇ ਵਰਤਾਰਿਆਂ ਖਾਸ ਕਰ ਔਰਤਾਂ ਉੱਤੇ ਘਿਨਾਉਣੇ ਜੁਰਮਾਂ ਦੇ ਸੰਘਰਸ਼ਾਂ ਦੀ ਅਹਿਮੀਅਤ ਨੂੰ ਸਮਝਣ ਵਾਲਾ ਸੁਚੇਤ ਆਗੂ ਸੀ। ਜਦ 2005 ਵਿੱਚ ਮਹਿਲਕਲਾਂ ਲੋਕ ਸੰਘਰਸ਼ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਬੀਕੇਯੂ ਏਕਤਾ ਡਕੌਂਦਾ ਦੇ ਸੂਬਾਈ ਆਗੂ ਮਨਜੀਤ ਧਨੇਰ, ਨਰਾਇਣ ਦੱਤ ਅਤੇ ਪ੍ਰੇਮ ਕੁਮਾਰ ਨੂੰ ਬਰਨਾਲਾ ਸ਼ੈਸ਼ਨ ਕੋਰਟ ਵੱਲੋਂ ਨਿਹੱਕੀ ਉਮਰ ਕੈਦ ਸਜਾ ਸੁਣਾ ਦਿੱਤੀ ਤਾਂ ਇਹ ਨਿਹੱਕੀ ਸਜਾ ਰੱਦ ਕਰਾਉਣ ਵਾਲੇ ਸੰਘਰਸ਼ ਵਿੱਚ ਬਲਕਾਰ ਸਿੰਘ ਡਕੌਂਦਾ ਨੇ ਅਹਿਮ ਆਗੂ ਭੂਮਿਕਾ ਨਿਭਾਈ । ਬਲਕਾਰ ਸਿੰਘ ਡਕੌਂਦਾ ਦੇ ਵਿਗਿਆਨਕ ਨਜਰੀਏ ਦੀ ਮਿਸਾਲ ਇੱਕ ਹੀ ਕਾਫੀ ਹੈ ਕਿ ਜਦ 21 ਜੁਲਾਈ 2005 ਨੂੰ ਤਿੰਨਾਂ ਲੋਕ ਆਗੂਆਂ ਦੀ ਨਿਹੱਕੀ ਉਮਰ ਕੈਦ ਸਜਾ ਰੱਦ ਕਰਾਉਣ ਲਈ ਬਰਨਾਲੇ ਵਿਸ਼ਾਲ ਰੈਲੀ/ਮੁਜਾਹਰਾ ਰੱਖਿਆ ਤਾਂ ਆਪਣੇ ਸੰਬੋਧਨ ਵਿੱਚ ਕਿਹਾ ਸੀ ਕਿ ਇਹ ਰੈਲੀ ਸਿਰਫ ਅੱਜ ਹੀ ਨਹੀਂ ਹੋਵੇਗੀ, ਵੀਹ ਸਾਲ ਇਹ ਰੈਲੀ ਹੋਵੇਗੀ। ਲੋਕ ਆਗੂ ਮਨਜੀਤ ਧਨੇਰ ਦੀ ਸਜਾ ਰੱਦ ਕਰਾੳੇਣ ਲਈ ਚੱਲੇ ਲਗਾਤਾਰ ਸੰਘਰਸ਼ ਨੇ ਬਲਕਾਰ ਸਿੰਘ ਡਕੌਂਦਾ ਦੇ 15 ਸਾਲ ਪਹਿਲਾਂ ਕਹੇ ਬੋਲਾਂ ਦੀ ਪੁਸ਼ਟੀ ਕਰ ਰਿਹਾ ਹੈ।3 ਸਤੰਬਰ ਨੂੰ ਸੁਪਰੀਮ ਕੋਰਟ ਵੱਲੋਂ ਮਨਜੀਤ ਧਨੇਰ ਦੀ ਸਜਾ ਬਹਾਲ ਰੱਖਣ ਤੋਂ ਫੌਰੀ ਬਾਅਦ ਸ਼ੁਰੂ ਹੋਏ ਨਵੰਬਰ 2019 ਵਿੱਚ ਇਸ ਲੋਕ ਘੋਲ ਦੇ ਜੇਤੂ ਹੋਣ ਵਿੱਚ ਬਲਕਾਰ ਸਿੰਘ ਡਕੌਂਦਾ ਵੱਲੋਂ ਪਾਏ ਯੋਗਦਾਨ ਦਾ ਬਹੁਤ ਵੱਡਾ ਰੋਲ ਹੈ।ਬੁਲਾਰਿਆਂ ਕਿਹਾ ਕਿ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਰਂੰਟੀ ਵਾਲਾ ਨਵਾਂ ਕਾਨੂੰਨ ਬਨਾਉਣ ਲਈ ਬਲਕਾਰ ਸਿੰਘ ਡਕੌਂਦਾ ਵਰਗੇ ਸੂਝਵਾਨ ਆਗੂਆਂ ਦੀ ਜਿਸਮਾਨੀ ਘਾਟ ਰੜਕਦੀ ਹੈ। ਪਰ ਉਨ੍ਹਾਂ ਦੀ ਵਿਚਾਰਾਂ ਦੇ ਰੂਪ ਚ ਸਦੀਵੀ ਪੂੰਜੀ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਚੱਲ ਰਹੇ ਸਾਂਝੇ ਕਿਸਾਨ ਅੰਦੋਲਨ ਲਈ ਰਾਹ ਦਰਸਾਵਾ ਬਣੀ ਹੋਈ ਹੈ। ਪੀਪਲ ਆਰਟਸ ਗਰੁੱਪ ਪਟਿਆਲਾ ਦੀ ਨਾਟਕ ਟੀਮ ਵੱਲੋਂ ਸੱਤ ਪਾਲ ਬੰਗਾ ਦੀ ਨਿਰਦੇਸ਼ਨਾ ਹੇਠ ਨਾਟਕ ਸਿਆਂਸਤਦਾਨਾਂ ਦੇ ਪਾਜਨ ਉਘੇੜਦਾ “ਜਿਨ੍ਹਾਂ ਦੀ ਅਣਖ ਜਿਉਂਦੀ ਹੈ” ਬਹੁਤ ਖੁਬਸੂਰਤ ਅੰਦਾਜ ਵਿੱਚ ਪੇਸ਼ ਕੀਤਾ। ਸੋਹਣ ਸਿੰਘ ਵੜੈਚ ਨੇ ਇਨਕਲਾਬੀ ਗੀਤ ਪੇਸ਼ ਕੀਤੇ।