ਬਿਹਾਰ ਦੀ ਸੱਤਾ ਵਿੱਚੋਂ ਬਾਹਰ ਹੋਈ ਬੀਜੇਪੀ
ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਦਿੱਤਾ ਅਸਤੀਫਾ
ਕਾਂਗਰਸ ਅਤੇ ਆਰਜੇਡੀ ਨਾਲ ਮਿਲ ਕੇ ਸਰਕਾਰ ਬਣਾਉਣ ਦੀ ਤਿਆਰੀ ਸ਼ੁਰੂ
ਚੰਡੀਗੜ੍ਹ,9 ਅਗਸਤ(ਵਿਸ਼ਵ ਵਾਰਤਾ)- ਭਾਰਤੀ ਜਨਤਾ ਪਾਰਟੀ ਨੂੰ ਅੱਜ ਉਸ ਸਮੇਂ ਤਕੜਾ ਝਟਕਾ ਲੱਗਾ ਹੈ ਜਦੋਂ ਬਿਹਾਰ ਵਿੱਚ ਉਸਦੀ ਸਾਂਝੀਵਾਲ ਪਾਰਟੀ ਜੇਡੀਯੂ ਨੇ 5 ਸਾਲਾਂ ਬਾਅਦ ਉਸ ਨਾਲੋਂ ਗੱਠਜੋੜ ਤੋੜ ਲਿਆ। ਮੁੱਖ ਮੰਤਰੀ ਨਿਵਾਸ ‘ਤੇ ਜੇਡੀਯੂ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀ ਬੈਠਕ ‘ਚ ਇਹ ਐਲਾਨ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਜੇਡੀਯੂ ਦੀ ਬੈਠਕ ‘ਚ ਨਿਤੀਸ਼ ਕੁਮਾਰ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾ ਸਾਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਭਾਜਪਾ ਨੇ ਮੈਨੂੰ ਜ਼ਲੀਲ ਕੀਤਾ। 2013 ਤੋਂ ਹੁਣ ਤੱਕ ਭਾਜਪਾ ਨੇ ਸਿਰਫ ਧੋਖਾ ਹੀ ਦਿੱਤਾ ਹੈ।
ਜੇਡੀਯੂ ਦੀ ਬੈਠਕ ਤੋਂ ਬਾਅਦ ਨਿਤੀਸ਼ ਕੁਮਾਰ ਸਿੱਧੇ ਰਾਜ ਭਵਨ ਪਹੁੰਚੇ, ਜਿੱਥੇ ਉਨ੍ਹਾਂ ਨੇ ਰਾਜਪਾਲ ਫੱਗੂ ਚੌਹਾਨ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਨਿਤੀਸ਼ ਨੇ ਇਸ ਨਾਲ ਸਰਕਾਰ ਬਣਾਉਣ ਦਾ ਦਾਅਵਾ ਕੀਤਾ। ਉਨ੍ਹਾਂ 160 ਵਿਧਾਇਕਾਂ ਦੇ ਸਮਰਥਨ ਦਾ ਪੱਤਰ ਰਾਜਪਾਲ ਨੂੰ ਸੌਂਪਿਆ ਹੈ। ਨਿਤੀਸ਼ ਕੁਮਾਰ ਨੂੰ ਉਹਨਾਂ ਦੇ ਆਪਣੇ ਵਿਧਾਇਕਾਂ ਤੋਂ ਇਲਾਵਾ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਆਰਜੇਡੀ ਅਤੇ ਕਾਂਗਰਸ ਦੇ ਵਿਧਾਇਕਾਂ ਦਾ ਵੀ ਸਮਰਥਨ ਹਾਸਲ ਹੈ।