ਬਿਜਲੀ ਸਪਲਾਈ ਦੀ ਸਮੱਸਿਆ ਦਾ ਛੇਤੀ ਹੋਵੇਗਾ ਹੱਲ : ਸੁੰਦਰ ਸ਼ਾਮ ਅਰੋੜਾ
ਬਿਜਲੀ ਦੀ ਤਰਕਸੰਗਤ ਵਰਤੋਂ ਸਮੇਤ ਘਰੇਲੂ ਖਪਤਕਾਰਾਂ ਨੂੰ ਏ.ਸੀ. ਦੀ ਘੱਟੋ-ਘੱਟ ਵਰਤੋਂ ਕਰਨ ਦੀ ਅਪੀਲ
ਹੁਸ਼ਿਆਰਪੁਰ, 2 ਜੁਲਾਈ : (ਵਿਸ਼ਵ ਵਾਰਤਾ/ਤਰਸੇਮ ਦੀਵਾਨਾ ) ਸੂਬੇ ਅੰਦਰ ਪੈਦਾ ਹੋਈ ਬਿਜਲੀ ਸਪਲਾਈ ਦੀ ਸਮੱਸਿਆ ਸਬੰਧੀ ਅੱਜ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪੰਜਾਬ ਸਰਕਾਰ ਵਲੋਂ ਹਰ ਖੇਤਰ ਨੂੰ ਲੋੜੀਂਦੀ ਬਿਜਲੀ ਸਪਲਾਈ ਯਕੀਨੀ ਬਨਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਮੌਜੂਦਾ ਸਥਿਤੀ ਦਾ ਹੱਲ ਛੇਤੀ ਕਰ ਲਿਆ ਜਾਵੇਗਾ।
ਅੱਜ ਇਥੇ ਪਾਵਰਕਾਮ ਦੇ ਅਧਿਕਾਰੀਆਂ ਨਾਲ ਬਿਜਲੀ ਸਪਲਾਈ ਦੀ ਸਥਿਤੀ ਦੀ ਸਮੀਖਿਆ ਕਰਦਿਆਂ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਬਿਜਲੀ ਸਪਲਾਈ ਦੀ ਮੰਗ 15000 ਮੈਗਾਵਾਟ ਦੇ ਕਰੀਬ ਪਹੁੰਚਣ, ਤਾਪਮਾਨ ਵਿਚ ਭਾਰੀ ਵਾਧੇ ਅਤੇ ਬਾਰਸ਼ ਨਾ ਪੈਣ ਕਾਰਨ ਮੰਗ ਅਤੇ ਸਪਲਾਈ ਵਿਚਲੇ ਘਾਪੇ ਨੂੰ ਜਲਦ ਪੂਰਾ ਕਰਕੇ ਹਰ ਵਰਗ ਨੂੰ ਬਿਜਲੀ ਸਪਲਾਈ ਕਾਰਨ ਪੈਦਾ ਹੋਈ ਸਮੱਸਿਆ ਤੋਂ ਨਿਜ਼ਾਤ ਦਿਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਹਰ ਵਰਗ ਦੇ ਖਪਤਕਾਰਾਂ ਦਾ ਸਹਿਯੋਗ ਬਹੁਤ ਜਰੂਰੀ ਹੈ ਕਿਉਂਕਿ ਪਿਛਲੇ ਸਾਲਾਂ ਦੌਰਾਨ ਬਿਜਲੀ ਦੀ ਮੰਗ 13000 ਮੈਗਾਵਾਟ ਦੇ ਕਰੀਬ ਰਹਿੰਦੀ ਸੀ ਜਿਸ ਨੂੰ ਪੰਜਾਬ ਸਰਕਾਰ ਵਲੋਂ ਆਸਾਨੀ ਨਾਲ ਪੂਰਾ ਕੀਤਾ ਜਾਂਦਾ ਰਿਹਾ ਹੈ। ਉਦਯੋਗ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਾਵਰਕਾਮ ਨੂੰ ਵਾਧੂ ਬਿਜਲੀ ਸਪਲਾਈ ਖਰੀਦਣ ਲਈ 500 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜਿਸ ਨਾਲ ਜਲਦ ਹੀ ਮੌਜੂਦਾ ਸਥਿਤੀ ਨਾਲ ਨਜਿੱਠ ਲਿਆ ਜਾਵੇਗਾ।
ਪਾਵਰਕਾਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਉਦਯੋਗ ਮੰਤਰੀ ਨੇ ਕਿਹਾ ਕਿ ਘਰੇਲੂ ਅਤੇ ਖੇਤੀ ਸੈਕਟਰ ਨੂੰ ਲੋੜੀਂਦੀ ਮੰਗ ਅਨੁਸਾਰ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਘਰੇਲੂ ਖਪਤਕਾਰਾਂ ’ਤੇ ਬਿਜਲੀ ਕੱਟ ਨਾ ਲਾਏ ਜਾਣ। ਉਨ੍ਹਾਂ ਦੱਸਿਆ ਕਿ ਇਸ ਮੰਗ ਨੂੰ ਪੂਰਾ ਕਰਨ ਦੇ ਮਕਸਦ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਫ਼ਤਰਾਂ ਦਾ ਸਮਾਂ ਬਦਲਣ ਅਤੇ ਭਾਰੀ ਬਿਜਲੀ ਸਪਲਾਈ ਵਾਲੇ ਉਦਯੋਗਾਂ ਦੀ ਸਪਲਾਈ ’ਚ ਕਟੌਤੀ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਜੋ ਖਪਤਕਾਰਾਂ ਨੂੰ ਇਸ ਤਪਦੇ ਮੌਸਮ ਵਿੱਚ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਬਿਜਲੀ ਦੀ ਤਰਕਸੰਗਤ ਵਰਤੋਂ ਕਰਦਿਆਂ ਇਸ ਮੌਜੂਦਾ ਸਥਿਤੀ ’ਚ ਬਣਦਾ ਸਾਥ ਦੇਣ ਅਤੇ ਘਰਾਂ ਵਿੱਚ ਵੀ ਏ.ਸੀ. ਦੀ ਘੱਟ ਤੋਂ ਘੱਟ ਵਰਤੋਂ ਨੂੰ ਅਮਲ ਵਿਚ ਲਿਆਉਣ।
ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪਾਵਰਕਾਮ ਅਧਿਕਾਰੀਆਂ ਨੂੰ ਕਿਹਾ ਕਿ ਉਹ ਦੁਪਹਿਰ 2 ਵਜੇ ਤੋਂ ਘਰੇਲੂ ਖਪਤਕਾਰਾਂ, ਉਦਯੋਗਾਂ ਦੇ ਨੁਮਾਇੰਦਿਆਂ ਅਤੇ ਖੇਤੀ ਸੈਕਟਰ ਨਾਲ ਜੁੜੇ ਖਪਤਕਾਰਾਂ ਨਾਲ ਰਾਬਤਾ ਬਨਾਉਣ ਤਾਂ ਜੋ ਬਿਜਲੀ ਦੀ ਸਪਲਾਈ ਨਾਲ ਸਬੰਧਤ ਸਮੱਸਿਆਵਾਂ ਦਾ ਪਤਾ ਲਾ ਕੇ ਉਨ੍ਹਾਂ ਦਾ ਸਮਾਂਬੱਧ ਢੁਕਵਾਂ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਨੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਨ੍ਹੀ ਦਿਨੀਂ ਇਹ ਹਰ ਹਾਲ ਯਕੀਨੀ ਬਣਾਇਆ ਜਾਵੇ ਕਿ ਸਾਰੇ ਅਧਿਕਾਰੀਆਂ, ਮੁਲਾਜ਼ਮਾਂ ਅਤੇ ਸ਼ਿਕਾਇਤ ਕੇਂਦਰਾਂ ਵਿਚ ਤਾਇਨਾਤ ਅਮਲੇ ਦੇ ਮੋਬਾਇਲ ਫੋਨ ਚੱਲਦੇ ਹੋਣ ਅਤੇ ਉਨ੍ਹਾਂ ਕੋਲ ਲੋੜੀਂਦਾ ਸਾਜੋ-ਸਮਾਨ ਮੌਜੂਦ ਰਹੇ ਤਾਂ ਜੋ ਸ਼ਿਕਾਇਤ ਮਿਲਣ ’ਤੇ ਤੁਰੰਤ ਸਪਲਾਈ ਚਲਾਈ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਖੁਦ ਸ਼ਿਕਾਇਤ ਕੇਂਦਰਾਂ ਦੀ ਕਾਰਗੁਜ਼ਾਰੀ ’ਤੇ ਨਜ਼ਰਸਾਨੀ ਕਰਨ ਤਾਂ ਕਿ ਖਪਤਕਾਰਾਂ ਨੂੰ ਸਮੱਸਿਆ ਨਾ ਆਵੇ।
ਇਸ ਮੌਕੇ ਮੇਅਰ ਨਗਰ ਨਿਗਮ ਸੁਰਿੰਦਰ ਕੁਮਾਰ, ਨਿਗਰਾਨ ਇੰਜੀਨੀਅਰ ਪੀ.ਐਸ.ਖਾਂਬਾ, ਕਾਰਜਕਾਰੀ ਇੰਜੀਨੀਅਰ ਸ਼ਹਿਰੀ ਕੁਲਦੀਪ ਸਿੰਘ, ਕਾਰਜਕਾਰੀ ਇੰਜੀਨੀਅਰ ਦਿਹਾਤੀ ਕੁਲਦੀਪ ਸਿੰਘ ਠਾਕੁਰ, ਕਾਰਜਕਾਰੀ ਇੰਜੀਨੀਅਰ ਮਾਹਿਲਪੁਰ ਸੁਮਿਤ ਧਵਨ, ਕਾਰਜਕਾਰੀ ਇੰਜੀਨੀਅਰ ਦਸੂਹਾ ਜਸਵੰਤ ਸਿੰਘ, ਕਾਰਜਕਾਰੀ ਇੰਜੀਨੀਅਰ ਹਰਸ਼ ਸ਼ਰਮਾ ਆਦਿ ਮੌਜੂਦ ਸਨ।