ਬਿਜਲੀ ਦੇ ਪਾਵਰ ਕੱਟਾਂ ਨੂੰ ਲੈ ਕੇ ਗੁੱਸਾਏ ਕਿਸਾਨਾਂ ਨੇ ਦੋ ਘੰਟੇ ਕੀਤਾ ਚੱਕਾ ਜਾਮ
ਹੁਸ਼ਿਆਰਪੁਰ, 23 ਜੂਨ (ਵਿਸ਼ਵ ਵਾਰਤਾ/ਤਰਸੇਮ ਦੀਵਾਨਾ)- ਸੂਬੇ ਵਿੱਚ ਬਿਜਲੀ ਦੀ ਨਿਰੰਤਰ ਸਪਲਾਈ ਨੂੰ ਲੈ ਕੇ ਪੰਜਾਬ ਦੀ ਕੈਪਟਨ ਸਰਕਾਰ ਆਏ ਦਿਨ ਸਵਾਲਾਂ ਦੇ ਘੇਰੇ ਚ ਖੜ੍ਹੀ ਨਜ਼ਰ ਆ ਰਹੀ ਹੈ। ਅਜਿਹੀ ਹੀ ਸਮੱਸਿਆ ਪਾਵਰਕੌਮ ਵਿਭਾਗ ਦੇ ਛਿਆਹਠ ਕੇਵੀ ਸਬ ਸਟੇਸ਼ਨ ਮਰਨਾਈਆਂ ਖ਼ੁਰਦ ਵਿਖੇ ਦੇਖਣ ਨੂੰ ਮਿਲੀ। ਜਿੱਥੇ ਪਾਵਰਕਾਮ ਵਿਭਾਗ ਵੱਲੋਂ ਲਗਾਏ ਜਾ ਰਹੇ ਅਣ-ਐਲਾਨੇ ਪਾਵਰ ਕੱਟਾਂ ਤੋਂ ਪ੍ਰੇਸ਼ਾਨ ਗੁੱਸਾਏ ਕਿਸਾਨਾਂ ਨੇ ਜੱਸਾ ਸਿੰਘ ਸਾਬਕਾ ਸਰਪੰਚ ਮਰਨਾਈਆਂ, ਅਮਰ ਸਿੰਘ ਸਰਪੰਚ ਪੰਡੋਰੀ ਬੀਬੀ, ਲਖਵਿੰਦਰ ਸਿੰਘ ਮਰਨਾਈਆਂ, ਕੁਲਵਿੰਦਰ ਸਿੰਘ, ਗੁਰਾ ਸਿੰਘ, ਦਵਿੰਦਰ ਸਿੰਘ ਨੰਬਰਦਾਰ ਤਾਜੋਵਾਲ ਆਦਿ ਦੀ ਅਗਵਾਈ ਵਿੱਚ ਪਾਵਰਕੌਮ ਵਿਭਾਗ ਦੇ ਮਰਨਾਈਆਂ ਖ਼ੁਰਦ ਦੇ ਦਫਤਰ ਸਾਹਮਣੇ ਰੋਸ ਧਰਨਾ ਲਾ ਕੇ ਲਗਪਗ 2 ਘੰਟੇ ਹੁਸ਼ਿਆਰਪੁਰ-ਫਗਵਾੜਾ ਰੋਡ ਤੇ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਅਮਰਨਾਥ ਤੇ ਐੱਸ.ਐੱਚ.ਓ. ਮੇਹਟੀਆਣਾ ਦੇਸ ਰਾਜ ਭਾਰੀ ਪੁਲਸ ਫੋਰਸ ਸਮੇਤ ਰੋਡ ਜਾਮ ਵਾਲੀ ਥਾਂ ਤੇ ਪਹੁੰਚੇ। ਜਿਨ੍ਹਾਂ ਧਰਨਾਕਾਰੀਆਂ ਨੂੰ ਸਮਝਾ ਬੁਝਾ ਕੇ ਰੋਡ ਜਾਮ ਖੁਲ੍ਹਵਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ। ਪ੍ਰੰਤੂ ਕਿਸਾਨਾਂ ਨੇ ਉਨ੍ਹਾਂ ਨੂੰ ਅਣਦੇਖਿਆ ਕਰਦੇ ਹੋਏ ਆਪਣਾ ਰੋਸ ਧਰਨਾ ਜਾਰੀ ਰੱਖਿਆ।