ਫਾਜ਼ਿਲਕਾ, 23 ਮਈ( ਵਿਸ਼ਵ ਵਾਰਤਾ)-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਸਾਉਣੀ ਦੌਰਾਨ ਮੁੱਖ ਫਸਲ ਝੋਨੇ ਦਾ ਜਿਆਦਾਤਰ ਰਕਬਾ ਕੱਦੂ ਕਰਕੇ ਬੀਜਿਆ ਜਾਂਦਾ ਹੈ, ਜਿਸ ਨਾਲ ਜ਼ਮੀਨਦੋਜ ਪਾਣੀ ਦੀ ਖਪਤ ਅਤੇ ਬਿਜਲੀ ਦੀ ਖਪਤ ਵੀ ਜਿਆਦਾ ਹੁੰਦੀ ਹੈ। ਤਰ ਵੱਤਰ ਤਕਨੀਕ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਉਨ੍ਹਾਂ ਤਕਨੀਕਾਂ ਵਿੱਚੋ ਹੈ, ਜੋ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਠੱਲ ਪਾਉਣ, ਬਿਜਲੀ ਦੀ ਖਪਤ ਨੂੰ ਘੱਟਾਉਣ ਅਤੇ ਖੇਤੀ ਕਾਮਿਆਂ ਦੀ ਆ ਰਹੀਂ ਘਾਟ ਨੂੰ ਹੱਲ ਕਰਨ ਦੀ ਸਮਰੱਥਾ ਰੱਖਦੀ ਹੈ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਕਨੀਕ ਦੀ ਸਿਫਾਰਸ ਸਾਲ 2020 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਸਾਲ 2024-25 ਦੋਰਾਨ ਝੋਨੇ ਦੀ ਸਿੱਧੀ ਬਿਜਾਈ ਦੀ ਸਿਫਾਰਿਸ਼ 15 ਮਈ ਤੋਂ 31 ਮਈ ਤੱਕ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਝੋਨੇ ਦੀ ਸਿਧੀ ਬਿਜਾਈ ਦੀ ਤਕਨੀਕ ਦਾ ਅਸਰ ਵੀ ਦੇਖਣ ਨੂੰ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਸਾਲ 2023-24 ਦੌਰਾਨ 32710 ਏਕੜ ਦਾ ਟੀਚਾ ਫਾਜ਼ਿਲਕਾ ਜਿਲ੍ਹੇ ਨੂੰ ਦਿੱਤਾ ਗਿਆ ਸੀ ਅਤੇ 36500 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਖਰਚੇ ਘਟਾਉਣ ਅਤੇ ਪਾਣੀ ਦੀ ਬਚਤ ਲਈ ਵੱਧ ਤੋਂ ਵੱਧ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਨੂੰ ਅਪਣਾਇਆ ਜਾਵੇ।