ਬਿਕਰਮ ਮਜੀਠੀਆ ਦੀ ਜ਼ਮਾਨਤ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਅਹਿਮ ਸੁਣਵਾਈ ਅੱਜ
ਕੀ ਹੋਵੇਗਾ ਫੈਸਲਾ ❓
ਚੰਡੀਗੜ੍ਹ, 31 ਜਨਵਰੀ(ਵਿਸ਼ਵ ਵਾਰਤਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ’ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਅੱਜ (ਸੋਮਵਾਰ) ਹੋਵੇਗੀ। ਜਿਸ ਦੇ ਨਤੀਜੇ ਵੱਲ ਪੰਜਾਬ ਦੀਆਂ ਸਿਆਸੀ ਧਿਰਾਂ ਅਤੇ ਰਾਜਨੀਤੀ ਵਿੱਚ ਦਿਲਚਸਪੀ ਰੱਖਦੇ ਲੋਕਾਂ ਦੀਆਂ ਨਜ਼ਰਾਂ ਰਹਿਣਗੀਆਂ।
ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਦੀ ਕੋਰਟ ਨੰਬਰ ਇਕ ਵਿੱਚ ਹੋਵੇਗੀ। ਇਹ ਸੁਣਵਾਈ ਚੀਫ਼ ਜਸਟਿਸ ਐਨ.ਵੀ.ਰਮੰਨਾ, ਜਸਟਿਸ ਏ.ਐਸ.ਬੋਪੰਨਾ ਅਤੇ ਜਸਟਿਸ ਹਿਮਾ ਕੋਹਲੀ ਦੀ ਸ਼ਮੂਲੀਅਤ ਵਾਲੇ ਬੈਂਚ ਵੱਲੋਂ ਸਵੇਰੇ 10:30 ਵਜੇ ‘ਵਰਚੂਅਲ’ ਢੰਗ ਨਾਲ ਕੀਤੀ ਜਾਵੇਗੀ। ਜਾਣਕਾਰੀ ਹੈ ਕਿ ਮਜੀਠੀਆ ਪੱਖੀ ਧਿਰ ਵੱਲੋਂ ਕੁਝ ਹੋਰ ਦਸਤਾਵੇਜ਼ ਆਪਣੀ ਅਰਜ਼ੀ ਦੇ ਹੱਕ ਵਿੱਚ ਪੇਸ਼ ਕਰਨ ਦੀ ਤਿਆਰੀ ਕੀਤੀ ਗਈ ਹੈ, ਜਿਹੜੇ ਕਿ ਅੱਜ ਅਦਾਲਤ ਅੱਗੇ ਰੱਖੇ ਜਾ ਸਕਦੇ ਹਨ।
ਗੌਰਤਲਬ ਹੈ ਕਿ ਐਨ.ਡੀ.ਪੀ.ਐਸ. ਦੀਆਂ ਸਖ਼ਤ ਧਾਰਾਵਾਂ ਤਹਿਤ ਦਰਜ ਕੀਤੇ ਗਏ ਮਾਮਲੇ ਵਿੱਚ ਪਹਿਲਾਂ ਮੋਹਾਲੀ ਦੇ ਐਡੀਸ਼ਨਲ ਸੈਸ਼ਨਜ਼ ਜੱਜ ਸੰਦੀਪ ਕੁਮਾਰ ਬਾਂਸਲ ਵੱਲੋਂ ਅਤੇ ਫ਼ਿਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਜਸਟਿਸ ਸ੍ਰੀਮਤੀ ਲੀਜ਼ਾ ਗਿੱਲ ਵੱਲੋਂ ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਿਜ ਕਰ ਦਿੱਤੇ ਜਾਣ ਮਗਰੋਂ ਮਜੀਠੀਆ ਨੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ।
ਦੱਸ ਦੱਈਏ ਕਿ ਹਾਈਕੋਰਟ ਵੱਲੋਂ ਮਿਲੀ ਰਾਹਤ ਦੇ ਚੱਲਦਿਆਂ ਮਜੀਠੀਆ ਆਪਣੇ ਜੱਦੀ ਹਲਕੇ ਮਜੀਠਾ ਅਤੇ ਆਪਣੇ ਲਈ ਇਕ ਨਵੇਂ ਹਲਕੇ ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਨਾਮਜ਼ਦਗੀ ਪੱਤਰ ਦਾਖ਼ਲ ਕਰ ਚੁੱਕੇ ਹਨ।
ਸੁਪਰੀਮ ਕੋਰਟ ਵਿੱਚ ਅੱਜ ਹੋਣ ਵਾਲੀ ਸੁਣਵਾਈ ਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ, ਕਿਉਂਕਿ ਮਜੀਠੀਆ ਦੇ ਖਿਲਾਫ਼ ਦਰਜ ਕੇਸ ਅਤੇ ਉਨ੍ਹਾਂ ਦੀ ਜ਼ਮਾਨਤ ਬਾਰੇ ਆਉਣ ਵਾਲਾ ਕੋਈ ਵੀ ਫ਼ੈਸਲਾ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਲਈ ਵੱਡਾ ਰਾਜਸੀ ਮਹੱਤਵ ਰੱਖਦਾ ਹੈ।