ਬਿਆਸ-ਸਤਲੁਜ ‘ਚ ਵਧੇਗਾ ਪਾਣੀ ਦਾ ਪੱਧਰ
ਅੱਜ ਪੌਂਗ ਡੈਮ ਤੋਂ ਛੱਡਿਆ ਜਾਵੇਗਾ 20 ਹਜ਼ਾਰ ਕਿਊਸਿਕ ਪਾਣੀ
ਚੰਡੀਗੜ੍ਹ,12ਜੁਲਾਈ(ਵਿਸ਼ਵ ਵਾਰਤਾ)-ਪੰਜਾਬ ਵਿੱਚ ਅੱਜ ਅਤੇ ਕੱਲ੍ਹ ਨੂੰ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਪਾਣੀ ਦੇ ਪੱਧਰ ਵਿੱਚ ਵਾਧਾ ਹੋ ਸਕਦਾ ਹੈ। ਦਰਅਸਲ, ਭਾਖੜਾ ਡੈਮ ਪ੍ਰਬੰਧਨ ਨੇ ਪੌਂਗ ਡੈਮ ਅਤੇ ਭਾਖੜਾ ਡੈਮ ਤੋਂ ਅਗਲੇ ਦੋ ਦਿਨਾਂ ਤੱਕ ਕਰੀਬ 55 ਕਿਊਸਿਕ ਪਾਣੀ ਛੱਡਣ ਦਾ ਫੈਸਲਾ ਕੀਤਾ ਹੈ। ਬਿਆਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਕੋਈ ਚਿੰਤਾ ਨਹੀਂ ਹੈ ਪਰ ਜਦੋਂ ਸਤਲੁਜ ਵਿੱਚ ਪਾਣੀ ਛੱਡਿਆ ਜਾਂਦਾ ਹੈ ਤਾਂ ਨੀਵੇਂ ਇਲਾਕਿਆਂ ਵਿੱਚ ਸਮੱਸਿਆ ਆ ਸਕਦੀ ਹੈ। ਜਿਕਰਯੋਗ ਹੈ ਕਿ ਮੌਸਮ ਵਿਭਾਗ ਨੇ ਅੱਜ ਪੱਛਮੀ ਮਾਲਵੇ ਵਿੱਚ ਆਮ ਮੀਂਹ ਅਤੇ ਵੀਰਵਾਰ ਨੂੰ ਪੂਰੇ ਪੰਜਾਬ ਵਿੱਚ ਮੀਂਹ ਪੈਣ ਦਾ ਅਲਰਟ ਵੀ ਜਾਰੀ ਕੀਤਾ ਹੈ। ਜੇਕਰ ਆਮ ਨਾਲੋਂ ਵੱਧ ਬਾਰਿਸ਼ ਹੁੰਦੀ ਹੈ ਤਾਂ ਪੱਛਮੀ ਮਾਲਵੇ ਵਿੱਚ ਸਮੱਸਿਆ ਪੈਦਾ ਹੋ ਸਕਦੀ ਹੈ। ਜਾਰੀ ਚੇਤਾਵਨੀ ਅਨੁਸਾਰ ਪੌਂਗ ਡੈਮ ਤੋਂ ਅੱਜ ਸਵੇਰੇ 10 ਵਜੇ 20 ਹਜ਼ਾਰ ਕਿਊਸਿਕ ਅਤੇ ਭਾਖੜਾ ਡੈਮ ਤੋਂ ਕੱਲ੍ਹ ਵੀਰਵਾਰ ਨੂੰ ਸਵੇਰੇ 10 ਵਜੇ 35 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਣਾ ਹੈ।