ਚੰਡੀਗੜ, 2 ਨਵੰਬਰ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ (ਆਪ) ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਬਾਸਮਤੀ ਝੋਨੇ ਅਤੇ ਪਾਪੂਲਰ ਦੀ ਲੱਕੜ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕੀਤਾ ਜਾਵੇ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਦ ਤੱਕ ਕੇਂਦਰ ਸਰਕਾਰ ਵੱਲੋਂ ਇਨਾਂ ਫ਼ਸਲਾਂ ਬਾਰੇ ਐਮ.ਐਸ.ਪੀ ਨਿਰਧਾਰਿਤ ਨਹੀਂ ਕੀਤੀ ਜਾਂਦੀ ਤਦ ਤੱਕ ਪੰਜਾਬ ਸਰਕਾਰ ਆਪਣੇ ਮਾਰਕਫੈੱਡ ਵਰਗੇ ਅਦਾਰਿਆਂ ਰਾਹੀਂ ਬਾਸਮਤੀ, ਆਲੂ ਅਤੇ ਪਾਪੂਲਰ ਦੀ ਵਿੱਕਰੀ ਮੌਕੇ ਖੁੱਲੇ ਬਾਜ਼ਾਰ (ਓਪਨ ਮਾਰਕੀਟ) ਦੇ ਆਪਹੁਦਰੇ ਪਣ ਨੂੰ ਨੱਥ ਪਾਈ ਜਾਵੇ ਤਾਂ ਕਿ ਕਿਸਾਨਾਂ ਦੇ ਹਿਤਾਂ ਦੀ ਸੁਰੱਖਿਆ ਯਕੀਨੀ ਬਣ ਸਕੇ।
‘ਆਪ‘ ਵੱਲੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੀ ਕਿਸਾਨ ਸੰਘਰਸ਼ ਕਮੇਟੀ ਦੇ ਮੁਖੀ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਨਾਮਵਰ ਕਿਸਾਨ ਆਗੂ ਦਲਜੀਤ ਸਿੰਘ ਸਦਰਪੁਰਾ, ਵਿਧਾਇਕ ਜੈ ਕਿਸ਼ਨ ਸਿੰਘ ਰੋੜੀ, ਜੀਵਨ ਸਿੰਘ ਫ਼ੌਜੀ, ਅਹਿਬਾਬ ਸਿੰਘ ਗਰੇਵਾਲ (ਮੈਂਬਰ), ਉਪ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਅਤੇ ਕਰਨਬੀਰ ਸਿੰਘ ਟਿਵਾਣਾ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ ਕੁਦਰਤੀ ਜਲ ਸਰੋਤ, ਮਿੱਟੀ ਅਤੇ ਆਬੋ-ਹਵਾ ਸਮੇਤ ਪੰਜਾਬ ਦੇ ਕਿਸਾਨ ਤੇ ਖੇਤ ਮਜ਼ਦੂਰ ਦਾ ਵਜੂਦ ਹੀ ਖ਼ਤਰੇ ਥੱਲੇ ਹੈ। ਪੰਜਾਬ ਦੇ ਕਿਸਾਨ ਨੇ ਆਪਣੀ ਸਿਹਤ ਸਮੇਤ ਸਾਰੇ ਸਾਧਨਾਂ ਅਤੇ ਸੋਮਿਆਂ ਦੀ ਅੰਨੀ ਵਰਤੋਂ ਕਰ ਕੇ ਪੂਰੇ ਦੇਸ਼ ਨੂੰ ਤਾਂ ਅੰਨ ਸੰਕਟ ‘ਚ ਕੱਢ ਲਿਆ ਪਰ ਖ਼ੁਦ ਕਰਜ਼ ਅਤੇ ਵਾਤਾਵਰਨ ਚੁਣੌਤੀਆਂ ‘ਚ ਫਸ ਗਿਆ।
‘ਆਪ‘ ਆਗੂਆਂ ਨੇ ਕਿਹਾ ਕਿ ਖੇਤੀ ਖ਼ਰਚ ਦੇ ਮੁਕਾਬਲੇ ਕਿਸਾਨਾਂ ਦੀ ਆਮਦਨੀ ‘ਚ ਆਈ ਗਿਰਾਵਟ ਨੂੰ ਠੱਲ ਪਾਉਣ ਲਈ ਜਿੱਥੇ ਡਾ. ਸਵਾਮੀਨਾਥਨ ਦੀਆਂ ਸਿਫ਼ਾਰਿਸ਼ਾਂ ਨੂੰ ਬਿਨਾਂ ਦੇਰੀ ਲਾਗੂ ਕਰਨਾ ਚਾਹੀਦਾ ਹੈ। ਉੱਥੇ ਪੰਜਾਬ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਦਾ ਰਕਬਾ ਵੱਡੇ ਪੱਧਰ ‘ਤੇ ਘਟਾਉਣ ਦੀ ਜ਼ਰੂਰਤ ਹੈ। ਪਰ ਨਾ ਤਾਂ ਕੇਂਦਰ ਸਰਕਾਰ ਅਤੇ ਨਾ ਹੀ ਸੂਬਾ ਸਰਕਾਰ ਇਸ ਪਾਸੇ ਠੋਸ ਕਦਮ ਚੁੱਕਣ ਲਈ ਤਿਆਰ ਹੈ ਜਦਕਿ ਫ਼ਸਲਾਂ ਦੇ ਮੁੱਲ ਨਿਰਧਾਰਿਤ ਕਰਨ ਵਾਲੇ ਕਮਿਸ਼ਨ (ਸੀ.ਸੀ.ਪੀ) ਨੇ ਬਾਸਮਤੀ ਦੀ ਐਮ.ਐਸ.ਪੀ ਨਿਰਧਾਰਿਤ ਕਰਨ ਦੀ ਸਿਫ਼ਾਰਿਸ਼ ਕੀਤੀ ਹੋਈ ਹੈ। ਪਿਛਲੀਆਂ ਲੋਕ ਸਭਾ ਚੋਣਾਂ ਮੌਕੇ ਅਕਾਲੀ-ਭਾਜਪਾ ਗੱਠਜੋੜ ਨੇ ਸਵਾਮੀਨਾਥਨ ਸਿਫ਼ਾਰਿਸ਼ਾਂ ਲਾਗੂ ਕਰਨ ਦਾ ਵਾਅਦਾ ਕੀਤਾ ਸੀ, ਪਰੰਤੂ ਪੂਰਾ ਕਰਨ ਤੋਂ ਸਾਫ ਮੁਕਰ ਗਏ।
‘ਆਪ‘ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਫਿਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਸ਼ਗੂਫ਼ਾ ਛੱਡ ਦਿੱਤਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫ਼ਸਲੀ ਵਭਿੰਨਤਾ ਵਾਲਾ ਪੁਰਾਣਾ ਰਾਗ ਅਲਾਪਣ ਲੱਗੇ ਹਨ ਪਰ ਇਹ ਸਭ ਉਦੋਂ ਤੱਕ ਸਫਲ ਨਹੀਂ ਹੋਵੇਗਾ ਜਦ ਤੱਕ ਕੇਂਦਰ ਅਤੇ ਪੰਜਾਬ ਸਰਕਾਰ ਬਦਲਵੀਂਆਂ ਅਤੇ ਵਾਤਾਵਰਨ ਪੱਖੀ ਫ਼ਸਲਾਂ ਦੀਆਂ ਲਾਹੇਵੰਦ ਕੀਮਤਾਂ ਯਕੀਨੀ ਨਹੀਂ ਬਣਾਉਂਦੀਆਂ। ‘ਆਪ‘ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰਾਂ ਕਿਸਾਨਾਂ ਦੇ ਹਿਤ ਬਚਾਉਣ ਲਈ ਸੱਚਮੁੱਚ ਗੰਭੀਰ ਹੋਣ ਤਾਂ ਆਪਣੀਆਂ ਸਰਕਾਰੀ ਅਤੇ ਅਰਧ ਸਰਕਾਰੀ ਏਜੰਸੀਆਂ ਰਾਹੀਂ ਖੁੱਲੀ ਮੰਡੀ ਦੀਆਂ ਕੀਮਤਾਂ ਤੇ ਕਾਬੂ ਰੱਖ ਸਕਦੀ ਹੈ, ਜਿਸ ਦਾ ਖਪਤਕਾਰ ਨੂੰ ਵੀ ਲਾਭ ਮਿਲੇਗਾ। ‘ਆਪ’ ਆਗੂਆਂ ਨੇ ਦੋਸ਼ ਲਗਾਇਆ ਕਿ ਸੱਤਾਧਾਰੀ ਧਿਰਾਂ ਹਮੇਸ਼ਾ ਵਿਚੋਲੀਏ (ਮਿਡਲ ਮੇਨ) ਦੇ ਅੰਨੇ ਮੁਨਾਫ਼ੇ ਨਾਲ ਖੜਦੀਆਂ ਹਨ ਅਤੇ ਵਿਚੋਲੀਆਂ ਦਾ ਸੰਗਠਿਤ ਸਮੂਹ ਕਿਸਾਨਾਂ ਦਾ ਵਿੱਤੀ ਤੌਰ ‘ਤੇ ਸ਼ੋਸਣ ਕਰਦਾ ਹੈ ਕਿਉਕਿ ਕਿਸਾਨੀ ਗੈਰ ਸੰਗਠਿਤ ਵਰਗ ਹੈ। ਇਹੀ ਕਾਰਨ ਹੈ ਕਿ ਬਾਸਮਤੀ ਕਦੇ 4000 ਰੁਪਏ ਪ੍ਰਤੀ ਕਵਿੰਟਲ ਹੋ ਜਾਂਦੀ ‘ਤੇ ਕਦੇ 1200 ਰੁਪਏ ਤੱਕ ਡਿੱਗ ਜਾਂਦੀ ਹੈ। ਇਸੇ ਤਰਾਂ ਪਾਪੁਲਰ ਦੀ 20 ਇੰਚ ਮੋਟੀ ਲੱਕੜੀ ਦੀ ਪ੍ਰਤੀ ਕਵਿੰਟਲ 1000 ਰੁਪਏ ਤੋਂ ਕੀਮਤ ਹੁਣ 400 ਤੋਂ 500 ਰੁਪਏ ਪ੍ਰਤੀ ਕਵਿੰਟਲ ਚੱਲ ਰਹੀ ਹੈ। ਮੱਕੀ ਦੀ ਫ਼ਸਲ ਬਾਰੇ ਪੰਜਾਬ ਸਰਕਾਰ ਦਾ ਰਵੱਈਆ ਇਸ ਦੀ ਪੁਸ਼ਟੀ ਕਰਦਾ ਹੈ। ‘ਆਪ‘ ਆਗੂਆਂ ਨੇ ਮੱਕੀ ਦੀ ਫ਼ਸਲ ਸੰਬੰਧੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲਏ ਗਏ ਸਟੈਂਡ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ ‘ਚ ਅਸਫਲ ਰਹੀ ਹੈ ਅਤੇ ਅਦਾਲਤਾਂ ਨੂੰ ਕਾਨੂੰਨੀ ਡੰਡੇ ਨਾਲ ਕੰਮ ਕਰਾਉਣਾ ਪੈ ਰਿਹਾ ਹੈ।
SDM Amit Gupta ਨੇ ਕੀਤਾ ਵੱਖ-ਵੱਖ ਪਿੰਡਾਂ ਦਾ ਦੌਰਾ
SDM Amit Gupta ਨੇ ਕੀਤਾ ਵੱਖ-ਵੱਖ ਪਿੰਡਾਂ ਦਾ ਦੌਰਾ ਕਿਸਾਨਾਂ ਨੂੰ ਬਿਨਾਂ ਅੱਗ ਲਾਇਆਂ ਪਰਾਲੀ ਦੇ ਨਿਪਟਾਰੇ ਲਈ ਕੀਤਾ ਪ੍ਰੇਰਿਤ...