ਬਾਲਾਕੋਟ ਏਅਰ ਸਟ੍ਰਾਈਕ ਨੂੰ ਲੈ ਕੇ ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਦਾ ਦਾਅਵਾ
ਭਾਰਤ ‘ਤੇ ਪ੍ਰਮਾਣੂ ਹਮਲੇ ਲਈ ਤਿਆਰ ਸੀ ਪਾਕਿਸਤਾਨ!
ਚੰਡੀਗੜ੍ਹ 25 ਜਨਵਰੀ(ਵਿਸ਼ਵ ਵਾਰਤਾ)-ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਲੈ ਕੇ ਇੱਕ ਹੋਰ ਸਨਸਨੀਖੇਜ ਖੁਲਾਸਾ ਹੋਇਆ ਹੈ। ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਆਪਣੀ ਕਿਤਾਬ ਵਿੱਚ ਇਹ ਦਾਅਵਾ ਕੀਤਾ ਹੈ ਕਿ 14 ਫਰਵਰੀ 2019 ਨੂੰ ਬਾਲਾਕੋਟ ਵਿੱਚ ਭਾਰਤੀ ਫੌਜ ਵੱਲੋਂ ਕੀਤੀ ਗਈ ਸਰਜੀਕਲ ਸਟ੍ਰਾਈਕ ਤੋਂ ਬਾਅਦ, ਪਾਕਿਸਤਾਨ ਭਾਰਤ ‘ਤੇ ਪ੍ਰਮਾਣੂ ਹਮਲੇ ਦੀ ਤਿਆਰੀ ਕਰ ਰਿਹਾ ਸੀ। ਇਸ ਵਿੱਚ ਉਨ੍ਹਾਂ ਨੇ ਤਤਕਾਲੀ ਭਾਰਤੀ ਹਮਰੁਤਬਾ ਸੁਸ਼ਮਾ ਸਵਰਾਜ ਦਾ ਹਵਾਲਾ ਦਿੱਤਾ ਹੈ।
ਮਾਈਕ ਪੋਂਪੀਓ ਨੇ ਆਪਣੀ ਕਿਤਾਬ ‘ਚ ਦੱਸਿਆ ਕਿ 27-28 ਫਰਵਰੀ 2019 ਨੂੰ ਅਮਰੀਕਾ-ਉੱਤਰੀ ਕੋਰੀਆ ਸੰਮੇਲਨ ਦੌਰਾਨ ਉਨ੍ਹਾਂ ਨੇ ਭਾਰਤ ਦੀ ਤਤਕਾਲੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਗੱਲ ਕੀਤੀ ਸੀ। ਫਿਰ ਸੁਸ਼ਮਾ ਸਵਰਾਜ ਨੇ ਉਸ ਨੂੰ ਦੱਸਿਆ ਕਿ ਪਾਕਿਸਤਾਨੀਆਂ ਨੇ ਹਮਲੇ ਲਈ ਆਪਣੇ ਪਰਮਾਣੂ ਹਥਿਆਰਾਂ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਭਾਰਤ ਵੀ ਇਸ ਸੰਬੰਧ ਵਿੱਚ ਤਿਆਰੀਆਂ ਕਰ ਰਿਹਾ ਸੀ। ਮਾਈਕ ਨੇ ਆਪਣੀ ਕਿਤਾਬ ‘ਨੇਵਰ ਗਿਵ ਐਨ ਇੰਚ: ਫਾਈਟਿੰਗ ਫਾਰ ਦ ਅਮਰੀਕਾ ਆਈ ਲਵ’ ‘ਚ ਲਿਖਿਆ- ਮੈਨੂੰ ਨਹੀਂ ਲੱਗਦਾ ਕਿ ਦੁਨੀਆ ਇਹ ਵੀ ਜਾਣਦੀ ਹੈ ਕਿ ਭਾਰਤ-ਪਾਕਿਸਤਾਨ ਜੰਗ ਫਰਵਰੀ 2019 ‘ਚ ਪ੍ਰਮਾਣੂ ਹਮਲੇ ਦੇ ਕਿੰਨੇ ਨੇੜੇ ਆ ਗਈ ਸੀ। ਸੱਚ ਤਾਂ ਇਹ ਹੈ ਕਿ ਮੈਨੂੰ ਵੀ ਇਸ ਦਾ ਸਹੀ ਜਵਾਬ ਨਹੀਂ ਪਤਾ, ਪਰ ਮੈਂ ਬੱਸ ਇੰਨਾ ਜਾਣਦਾ ਹਾਂ ਕਿ ਦੋਵੇਂ ਦੇਸ਼ ਪ੍ਰਮਾਣੂ ਹਮਲੇ ਦੇ ਬਹੁਤ ਨੇੜੇ ਸਨ।
ਜਿਕਰਯੋਗ ਹੈ ਕਿ 14 ਫਰਵਰੀ 2019 ਨੂੰ ਪੁਲਵਾਮਾ ਵਿੱਚ ਸੀਆਰਪੀਐਫ ਦੇ ਜਵਾਨਾਂ ਦੇ ਕਾਫਲੇ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ ਵਿੱਚ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਦਾ ਜਵਾਬ ਦਿੰਦਿਆਂ ਭਾਰਤੀ ਹਵਾਈ ਸੈਨਾ ਨੇ 26 ਫਰਵਰੀ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਬਾਲਾਕੋਟ ਵਿੱਚ ਹਵਾਈ ਹਮਲਾ ਕੀਤਾ। ਇਸ ‘ਚ ਜੈਸ਼ ਦੇ ਠਿਕਾਣਿਆਂ ‘ਤੇ ਬੰਬ ਸੁੱਟੇ ਗਏ, ਜਿਸ ‘ਚ ਕਰੀਬ 300 ਅੱਤਵਾਦੀ ਮਾਰੇ ਗਏ। ਇਸ ਦੌਰਾਨ ਪਾਕਿਸਤਾਨੀਆਂ ਨੇ ਜਵਾਬੀ ਕਾਰਵਾਈ ਕਰਦਿਆਂ ਹਵਾਈ ਹਮਲੇ ਵਿੱਚ ਇੱਕ ਭਾਰਤੀ ਜਹਾਜ਼ ਨੂੰ ਮਾਰ ਸੁੱਟਿਆ ਅਤੇ ਇੱਕ ਭਾਰਤੀ ਪਾਇਲਟ ਨੂੰ ਬੰਦੀ ਬਣਾ ਲਿਆ ਗਿਆ ਸੀ।ਜਿਸ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ ਸੀ।