ਬਾਰਡਰ-ਗਾਵਸਕਰ ਟਰਾਫ਼ੀ
ਭਾਰਤ ਨੇ ਆਸਟ੍ਰੇਲੀਆ ਨੂੰ ਪਾਰੀ ਅਤੇ 132 ਦੌੜਾਂ ਨਾਲ ਹਰਾਇਆ
ਚੰਡੀਗੜ੍ਹ 11 ਫਰਵਰੀ(ਵਿਸ਼ਵ ਵਾਰਤਾ ਬਿਉਰੋ)- ਭਾਰਤ ਨੇ ਬਾਰਡਰ-ਗਾਵਸਕਰ ਟਰਾਫੀ ਦਾ ਪਹਿਲਾ ਮੈਚ ਪਾਰੀ ਅਤੇ 132 ਦੌੜਾਂ ਨਾਲ ਜਿੱਤ ਲਿਆ ਹੈ। ਇਸ ਨਾਲ ਭਾਰਤੀ ਟੀਮ ਨੇ ਚਾਰ ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ।
ਭਾਰਤੀ ਗੇਂਦਬਾਜ਼ਾਂ ਨੇ ਨਾਗਪੁਰ ਦੇ ਜਾਮਥਾ ਕ੍ਰਿਕਟ ਸਟੇਡੀਅਮ ‘ਚ ਆਸਟ੍ਰੇਲੀਆ ਨੂੰ ਦੂਜੀ ਪਾਰੀ ‘ਚ 91 ਦੌੜਾਂ ‘ਤੇ ਆਲ ਆਊਟ ਕਰ ਦਿੱਤਾ। ਇਸ ਤੋਂ ਪਹਿਲਾਂ ਭਾਰਤ ਦੀ ਪਹਿਲੀ ਪਾਰੀ 400 ਦੌੜਾਂ ‘ਤੇ ਸਮਾਪਤ ਹੋ ਗਈ ਸੀ। ਅਜਿਹੇ ‘ਚ ਮੇਜ਼ਬਾਨ ਟੀਮ ਨੂੰ ਪਹਿਲੀ ਪਾਰੀ ‘ਚ 223 ਦੌੜਾਂ ਦੀ ਬੜ੍ਹਤ ਮਿਲ ਗਈ ਹੈ।
ਕੰਗਾਰੂ ਟੀਮ ਵੱਲੋਂ ਸਟੀਵ ਸਮਿਥ ਨੇ ਸਭ ਤੋਂ ਵੱਧ 24 ਦੌੜਾਂ ਬਣਾਈਆਂ। ਮਾਰਨਸ ਲਾਬੂਸ਼ੇਨ ਨੇ 17 ਦੌੜਾਂ ਦਾ ਯੋਗਦਾਨ ਦਿੱਤਾ। ਜਦਕਿ ਡੇਵਿਡ ਵਾਰਨਰ ਅਤੇ ਐਲੇਕਸ ਕੈਰੀ 10-10 ਦੌੜਾਂ ਬਣਾ ਕੇ ਆਊਟ ਹੋ ਗਏ। ਭਾਰਤੀ ਸਪਿਨਰ ਰਵੀਚੰਦਰਨ ਅਸ਼ਵਿਨ ਨੇ 5 ਵਿਕਟਾਂ ਲਈਆਂ। ਮੁਹੰਮਦ ਸ਼ਮੀ ਅਤੇ ਰਵਿੰਦਰ ਜਡੇਜਾ ਨੇ ਦੋ-ਦੋ ਵਿਕਟਾਂ ਲਈਆਂ। ਅਕਸ਼ਰ ਪਟੇਲ ਨੂੰ ਇੱਕ ਵਿਕਟ ਮਿਲੀ।
ਇਸ ਤੋਂ ਪਹਿਲਾਂ ਭਾਰਤ ਵੱਲੋਂ ਕਪਤਾਨ ਰੋਹਿਤ ਸ਼ਰਮਾ ਨੇ 120, ਅਕਸ਼ਰ ਪਟੇਲ ਨੇ 84 ਦੌੜਾਂ ਬਣਾਈਆਂ। ਰਵਿੰਦਰ ਜਡੇਜਾ ਨੇ 70 ਅਤੇ ਮੁਹੰਮਦ ਸ਼ਮੀ ਨੇ 37 ਦੌੜਾਂ ਦੀ ਉਪਯੋਗੀ ਪਾਰੀ ਖੇਡੀ। ਆਸਟ੍ਰੇਲੀਆ ਲਈ ਡੈਬਿਊ ਕਰਨ ਵਾਲੇ ਟੌਡ ਮਰਫੀ ਨੇ 7 ਵਿਕਟਾਂ ਲਈਆਂ। ਆਸਟ੍ਰੇਲੀਆ ਦੀ ਪਹਿਲੀ ਪਾਰੀ 177 ਦੌੜਾਂ ‘ਤੇ ਹੀ ਸਿਮਟ ਗਈ।