ਬਾਬਾ ਲਾਭ ਸਿੰਘ ਦਾ ਧਰਨਾ ਖ਼ਤਮ ਕਰਨ ਲਈ ਚੰਡੀਗੜ੍ਹ ਪਹੁੰਚੇ ਰਾਕੇਸ਼ ਟਿਕੈਤ
ਕਿਹਾ ਬਾਬੇ ਨੇ ਚੰਡੀਗੜ੍ਹ ਵਿੱਚ ਜਿੰਦਾ ਰੱਖਿਆ ਅੰਦੋਲਨ
ਚੰਡੀਗੜ੍ਹ, 13ਦਸੰਬਰ(ਵਿਸ਼ਵ ਵਾਰਤਾ)- ਖੇਤੀ ਕਾਨੂੰਨ ਵਾਪਸ ਲਏ ਜਾਣ ਤੋਂ ਬਾਅਦ ਕਿਸਾਨ ਦਿੱਲੀ ਦੀਆਂ ਹੱਦਾਂ ਤੋਂ ਆਪਣਾ ਧਰਨਾ ਸਮਾਪਤ ਕਰਕੇ ਘਰਾਂ ਨੂੰ ਪਰਤ ਰਹੇ ਹਨ ਪਰ ਬਾਬਾ ਲਾਭ ਸਿੰਘ ਦਾ ਧਰਨਾ ਅੱਜ ਵੀ ਸ਼ਹਿਰ ਵਿੱਚ ਜਾਰੀ ਸੀ, ਜਿਸ ਨੂੰ ਖਤਮ ਕਰਨ ਲਈ ਚੰਡੀਗੜ੍ਹ ਦੇ ਮਟਕਾ ਚੌਕ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਚੰਡੀਗੜ੍ਹ ਪਹੁੰਚੇ। ਟਿਕੈਤ ਨੇ ਮੰਚ ਤੋਂ ਦੱਸਿਆ ਕਿ ਅੰਦੋਲਨ ਵਿੱਚ ਨੌਜਵਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਨੌਜਵਾਨਾਂ ਨੇ ਟਵਿਟਰ ਅਤੇ ਸੋਸ਼ਲ ਮੀਡੀਆ ‘ਤੇ ਅੰਦੋਲਨ ਦੀ ਸਹੀ ਜਾਣਕਾਰੀ ਹਰ ਵਿਅਕਤੀ ਤੱਕ ਪਹੁੰਚਾਈ। ਟਿਕੈਤ ਨੇ ਮਟਕਾ ਚੌਂਕ ਵਿਖੇ ਬਾਬਾ ਲਾਭ ਸਿੰਘ ਦੇ ਚੱਲ ਰਹੇ ਧਰਨੇ ਦੀ ਸਮਾਪਤੀ ਕੀਤੀ। ਟਿਕੈਤ ਨੇ ਕਿਹਾ ਕਿ ਬਾਬੇ ਨੇ ਚੰਡੀਗੜ੍ਹ ਵਿਚ ਅੰਦੋਲਨ ਨੂੰ ਜਿਉਂਦਾ ਰੱਖਿਆ। ਟਿਕੈਤ ਇੱਕ ਸਾਲ ਤੋਂ ਨੰਗੇ ਪੈਰੀਂ ਚੱਲ ਰਹੇ ਰਾਜਨ ਬੈਂਸ ਦੇ ਪੈਰਾਂ ਵਿੱਚ ਜੁੱਤੀ ਵੀ ਪਾਉਣਗੇ। ਇਸ ਦੇ ਨਾਲ ਹੀ ਮੰਚ ‘ਤੇ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਅਧਿਕਾਰੀਆਂ ਅਤੇ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ।