ਬਾਪੂ ਸੂਰਤ ਸਿੰਘ ਖਾਲਸਾ ਨੂੰ ਹਸਪਤਾਲ ’ਚੋਂ ਮਿਲੀ ਛੁੱਟੀ
ਚੰਡੀਗੜ੍ਹ,4ਮਾਰਚ(ਵਿਸ਼ਵ ਵਾਰਤਾ)-ਬਾਪੂ ਸੂਰਤ ਸਿੰਘ ਨੂੰ ਅੱਜ ਡੀਐਮਸੀ ਹਸਪਤਾਲ ਲੁਧਿਆਣਾ ਤੋਂ ਛੁੱਟੀ ਮਿਲ ਗਈ ਹੈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਬਾਪੂ ਸੂਰਤ ਸਿੰਘ ਖਾਲਸਾ ਸਖਤ ਸੁਰੱਖਿਆ ਪ੍ਰਬੰਧਾਂ ਵਿੱਚ ਆਪਣੇ ਘਰ ਪਹੁੰਚੇ। ਦੱਸ ਦਈਏ ਕਿ ਹਸਪਤਾਲ ਵਿੱਚੋਂ ਛੁੱਟੀ ਦਿਵਾਉਣ ਲਈ ਕੌਮੀ ਇਨਸਾਫ ਮੋਰਚੇ ਦੇ ਆਗੂ ਡੀਐਮਸੀ ਲੁਧਿਆਣਾ ਪਹੁੰਚੇ,ਜਿੱਥੇ ਮੋਰਚੇ ਦੇ ਆਗੂਆਂ ਵੱਲੋਂ ਬਾਪੂ ਸੂਰਤ ਸਿੰਘ ਖਾਲਸਾ ਦਾ ਹਸਪਤਾਲ ਵਿੱਚੋਂ ਬਾਹਰ ਆਉਣ ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਬਾਪੂ ਸੂਰਤ ਸਿੰਘ ਖਾਲਸਾ ਨੂੰ ਡਾਕਟਰਾਂ ਵੱਲੋਂ ਸਿਹਤ ਨੂੰ ਲੈ ਕੇ ਸੁਝਾਅ ਦਿੱਤੇ ਗਏ ਹਨ।ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਮੈਡੀਕਲ ਸਰਟੀਫਿਕੇਟ ਮਿਲਣ ਤੋਂ ਬਾਅਦ ਬਾਪੂ ਸੂਰਤ ਸਿੰਘ ਖ਼ਾਲਸਾ ਨੂੰ ਛੁੱਟੀ ਦਿੱਤੀ ਗਈ ਹੈ ,ਪਰ ਉਨ੍ਹਾਂ ਨੇ ਕਿਹਾ ਕਿ ਬਾਪੂ ਨੂੰ ਦੋ ਤਿੰਨ ਗੰਭੀਰ ਬਿਮਾਰੀਆਂ ਹਨ ਇਸ ਕਰਕੇ ਉਹਨਾਂ ਨੂੰ ਇਨਫੈਕਸ਼ਨ ਬਹੁਤ ਜਲਦੀ ਹੋ ਜਾਂਦਾ ਹੈ। ਫਿਲਹਾਲ ਕੌਮੀ ਇਨਸਾਫ ਮੋਰਚੇ ਨੂੰ ਉਨ੍ਹਾਂ ਨੂੰ ਮੋਰਚੇ ਵਿਚ ਲੈ ਜਾਣ ਲਈ ਮਨ੍ਹਾਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਪੂ ਸੂਰਤ ਸਿੰਘ ਖਾਲਸਾ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਮੁੜ ਤੋਂ ਮਰਨ ਵਰਤ ’ਤੇ ਨਹੀਂ ਬੈਠਣਗੇ। ਉਨ੍ਹਾਂ ਕਿਹਾ ਕਿ ਫਿਲਹਾਲ ਐਂਬੂਲੈਂਸ ਦੇ ਵਿੱਚ ਉਨ੍ਹਾਂ ਨੂੰ ਭੇਜਿਆ ਗਿਆ ਹੈ ਸੁਰੱਖਿਆ ਦਾ ਵੀ ਪੁਖਤਾ ਪ੍ਰਬੰਧ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜੇਕਰ ਉਹ ਮੋਰਚੇ ਵਿੱਚ ਜਾਂਦੇ ਹਨ ਤਾਂ ਕਿ ਲੋੜ ਪੈਣ ’ਤੇ ਉੱਥੇ ਡਾਕਟਰਾਂ ਦੀ ਟੀਮ ਉਹਨਾਂ ਦੇ ਚੈੱਕਅਪ ਲਈ ਭੇਜੀ ਜਾਵੇਗੀ।