ਬਾਦਲ ਪਿੰਡ ਵਿੱਚ ਫੜ੍ਹੀ ਨਕਲੀ ਸ਼ਰਾਬ ਫੈਕਟਰੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਆਪ ਵੱਲੋਂ ਲੰਬੀ ਥਾਣੇ ਦਾ ਘਿਰਾਓ
ਮਾਝੇ ਵਿੱਚ ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਵਰਗੇ ਹਾਦਸੇ ਦਾ ਇੰਤਜ਼ਾਰ ਕਿਉਂ ਕਰ ਰਹੀ ਹੈ ਸਰਕਾਰ
ਜੇਕਰ ਤਰਨਤਾਰਨ, ਰਾਜਪੁਰਾ, ਘਨੌਰ ਅਤੇ ਹੋਰ ਥਾਵਾਂ ‘ਤੇ ਫੜੀਆਂ ਫੈਕਟਰੀਆਂ ਦੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਨਸ਼ਾ ਸਮਗੱਲਰਾਂ ਦੇ ਹੌਸਲੇ ਨਾ ਹੁੰਦੇ ਬੁਲੰਦ
ਅਕਾਲੀ ਕਾਂਗਰਸੀ ਅੱਜ ਵੀ ਮਿਲ ਕੇ ਕਰ ਰਹੇ ਹਨ ਨਸ਼ੇ ਦਾ ਕਾਰੋਬਾਰ
ਸ੍ਰੀ ਮੁੱਕਤਸਰ ਸਾਹਿਬ/ਚੰਡੀਗੜ੍ਹ, 4 ਜੂਨ(ਵਿਸ਼ਵ ਵਾਰਤਾ)
ਬਾਦਲ ਪਿੰਡ ਵਿੱਚੋਂ ਨਜਾਇਜ ਸ਼ਰਾਬ ਦੀ ਫੈਕਟਰੀ ਫੜ੍ਹੇ ਜਾਣ ਦੇ ਮਾਮਲੇ ‘ਚ ਕੈਪਟਨ ਸਰਕਾਰ ਵੱਲੋਂ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਅੱਜ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਲੰਬੀ ਥਾਣੇ ਦਾ ਘਿਰਾਓ ਕੀਤਾ ਅਤੇ ਦਿੱਲੀ ਮਲੋਟ ਹਾਈਵੇ ਜਾਮ ਕੀਤਾ ਗਿਆ। ਆਪ ਦੇ ਆਗੂਆਂ ਨੇ ਕੈਪਟਨ ਸਰਕਾਰ ਅਤੇ ਸ਼ਰਾਬ ਮਾਫੀਆ ਵਿਰੁੱਧ ਜਮ ਨੇ ਨਾਅਰੇਬਾਜੀ ਕੀਤੀ ਅਤੇ ਨਜਾਇਜ ਸ਼ਰਾਬ ਫੈਕਟਰੀ ਦੇ ਪ੍ਰਬੰਧਕਾਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਵੀ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਬਾਦਲ ਦੇ ਆਗੂ ਰਲਮਿਲ ਕੇ ਨਸ਼ਿਆਂ ਦਾ ਕਾਰੋਬਾਰ ਕਰ ਰਹੇ ਹਨ। ਇਹੀ ਕਾਰਨ ਹੈ ਕਿ ਪਿੰਡ ਬਾਦਲ ਵਿਚੋਂ ਨਜਾਇਜ ਸ਼ਰਾਬ ਦੀ ਫੈਕਟਰੀ ਫੜ੍ਹੇ ਜਾਣ ਦੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੈਪਟਨ ਬਾਦਲ ਦੀ ਯਾਰੀ, ਪੰਜਾਬ ‘ਤੇ ਭਾਰੀ ਪੈ ਗਈ ਹੈ। ਕੈਪਟਨ ਸਰਕਾਰ ਵੇਲੇ ਵੱਡੀ ਗਿਣਤੀ ‘ਚ ਪੰਜਾਬ ਦੇ ਲੋਕ ਨਕਲੀ ਸਰਾਬ ਪੀ ਕੇ ਮਰ ਗਏ ਹਨ, ਪਰ ਸਰਾਬ ਮਾਫੀਆ ਖਲਿਾਫ ਸਰਕਾਰ ਵੱਲੋਂ ਕੋਈ ਕਾਵਰਾਈ ਨਹੀਂ ਕੀਤੀ ਗਈ।
ਆਪ ਦੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਤਰਨਤਾਰਨ, ਰਾਜਪੁਰਾ, ਘਨੌਰ ਅਤੇ ਹੋਰ ਥਾਵਾਂ ‘ਤੇ ਫੜੀਆਂ ਨਕਲੀ ਸਰਾਬ ਫੈਕਟਰੀਆਂ ਦੇ ਦੋਸੀਆਂ ਖਿਲਾਫ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਸ਼ਰਾਬ ਮਾਫੀਆ ਦੇ ਹੌਸਲੇ ਬੁਲੰਦ ਨਾ ਹੁੰਦੇ। ਉਨ੍ਹਾਂ ਕਿਹਾ ਕਿ ਰਾਜਪੁਰਾ ਅਤੇ ਬਾਦਲ ਇਲਾਕੇ ਲੋਕਾਂ ਨੂੰ ਪਤਾ ਹੈ ਕਿ ਕਿਹੜਾ ਆਗੂ ਜਾਂ ਵਿਧਾਇਕ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਚਲਾ ਰਿਹਾ ਹੈ। ਬਾਦਲ ਪਿੰਡ ਦੀ ਸ਼ਰਾਬ ਫੈਕਟਰੀ ਚਲਾਉਣ ਵਾਲਾ ਬੰਦਾ ਬਾਦਲ ਪਰਿਵਾਰ ਦਾ ਰਿਸਤੇਦਾਰ ਤਾਂ ਨਹੀਂ। ਮੀਤ ਹੇਅਰ ਨੇ ਕਿਹਾ ਕਿ 2017 ‘ਚ ਛਪੀ ਖਬਰ ਤੋਂ ਪਤਾ ਚੱਲਦਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਪਿੰਡ ਵਾਲੀ ਨਕਲੀ ਸ਼ਰਾਬ ਫੈਕਟਰੀ ਵਾਲੀ ਜਮੀਨ ਦਾ ਮਾਲਕ ਦੱਸੇ ਜਾਂਦੇ ਵਿਅਕਤੀ ਖਿਲਾਫ ਇੱਕ ਵਿਜੀਲੈਂਸ ਜਾਂਚ ਕਰਨ ਦੇ ਆਦੇਸ ਦਿੱਤੇ ਸਨ, ਪਰ ਇਹ ਜਾਂਚ ਅੱਜ ਤੱਕ ਪੂਰੀ ਨਹੀਂ ਹੋਈ।
ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਸਵਾਲ ਕੀਤਾ ਕਿ ਬਾਦਲ ਪਿੰਡ ਵਿੱਚੋਂ ਫੜ੍ਹੀ ਗਈ ਨਕਲੀ ਸ਼ਰਾਬ ਦੀ ਫੈਕਟਰੀ ਦੇ ਮਾਲਕ ਤੇ ਪ੍ਰਬੰਧਕ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ, ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਕਰੀਬੀ ਹਨ, ਕਿਉਂ ਜੋ ਫੈਕਟਰੀ ਫੜ੍ਹੇ ਜਾਣ ਨੂੰ ਇੱਕ ਮਹੀਨੇ ਦਾ ਸਮਾਂ ਗੁਜਰ ਜਾਣ ‘ਤੇ ਵੀ ਕੈਪਟਨ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਨਸ਼ੇ ਖਤਮ ਕਰਨ ਤੋਂ ਭੱਜ ਗਏ ਹਨ ਅਤੇ ਹੁਣ ਬਾਦਲ ਪਿੰਡ ਵਾਲੀ ਨਕਲੀ ਸ਼ਰਾਬ ਫੈਕਟਰੀ ਦੇ ਮਾਮਲੇ ਤੋਂ ਸਿੱਧ ਹੋ ਗਿਆ ਹੈ ਕਿ ਅਕਾਲੀ ਦਲ ਬਾਦਲ ਕਾਂਗਰਸ ਪਾਰਟੀ ਦੀ ਬੀ ਟੀਮ ਹੈ।
ਆਪ ਅਗੂਆਂ ਨੇ ਕਿਹਾ ਕਿ ਨਕਲੀ ਸ਼ਰਾਬ ਫੈਕਟਰੀ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਅਤੇ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਕੌਣ ਰੋਕਿਆ ਰਿਹਾ ਹੈ? ਉਨ੍ਹਾਂ ਕਿਹਾ ਕਿ ਪੰਜਾਬ ਦੀ ਸੱਤਾ ‘ਤੇ ਕਾਬਜ ਰਹੇ ਆਗੂਆਂ ਨੇ ਪੰਜਾਬ ਦੀ ਨੌਜਵਾਨੀ ਨੂੰ ਸ਼ਰਾਬ, ਚਿੱਟਾ ਅਤੇ ਹੋਰ ਨਸਅਿਾਂ ਦੀ ਦਲਦਲ ਵਿੱਚ ਡੇਗ ਦਿੱਤਾ ਹੈ। ਆਪ ਆਗੂਆਂ ਨੇ ਐਸ.ਡੀ.ਐਮ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਪਿੰਡ ਬਾਦਲ ਵਾਲੀ ਨਕਲੀ ਸ਼ਰਾਬ ਫੈਕਟਰੀ ਦੀ ਜਾਂਚ ਕਰਵਾਈ ਜਾਵੇ ਅਤੇ ਜਿਸ ਬੰਦੇ ਦੇ ਨਾਂ ਫੈਕਟਰੀ ਵਾਲੀ ਜਮੀਨ ਹੈ ਅਤੇ ਫੈਕਟਰੀ ਚਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।