ਬਾਘਾਪੁਰਾਣਾ ਦੇ ਐੱਸ.ਡੀ.ਐੱਮ ਦਫਤਰ ਦੀਆਂ ਕੰਧਾਂ ‘ਤੇ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
ਚੰਡੀਗੜ੍ਹ,27ਫਰਵਰੀ(ਵਿਸ਼ਵ ਵਾਰਤਾ)-ਪੰਜਾਬ ‘ਚ ਆਏ ਦਿਨ ਸਰਕਾਰੀ ਇਮਾਰਤਾਂ ‘ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਣ ਦਾ ਸਿਲਸਿਲਾ ਵੱਧਦਾ ਹੀ ਜਾ ਰਿਹਾ ਹੈ। ਇਸੇ ਲੜੀ ਤਹਿਤ ਐਤਵਾਰ ਰਾਤ ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਕਸਬਾ ਅਤੇ ਰੋਡੇ ਪਿੰਡ ਦੇ ਐਸਡੀਐਮ ਦਫ਼ਤਰ ਵਿੱਚ ਕਈ ਥਾਵਾਂ ’ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ।ਬਾਘਾਪੁਰਾਣਾ ‘ਚ ਸੋਮਵਾਰ ਸਵੇਰੇ ਕਥਿਤ ਖਾਲਿਸਤਾਨ ਸਮਰਥਕਾਂ ਨੇ ਐੱਸ.ਡੀ.ਐੱਮ ਦਫਤਰ ਦੀਆਂ ਕੰਧਾਂ ‘ਤੇ ਦੇਸ਼ ਵਿਰੋਧੀ ਨਾਅਰੇ ਲਿਖੇ, ਨਾਅਰੇ ਲਿਖੇ ਜਾਣ ਤੋਂ ਕੁਝ ਦੇਰ ਬਾਅਦ ਹੀ ਵਿਦੇਸ਼ ‘ਚ ਬੈਠੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂੰ ਨੇ ਵੀਡੀਓ ਵਾਇਰਲ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਵੀਡੀਓ ਵਿੱਚ ਪੰਨੂ ਨੇ ਕਿਹਾ ਕਿ ਕਥਿਤ ਖਾਲਿਸਤਾਨ ਸਮਰਥਕਾਂ ਨੇ ਐਸਡੀਐਮ ਦਫ਼ਤਰ ਬਾਘਾਪੁਰਾਣਾ ਅਤੇ ਪੋਲੀਟੈਕਨਿਕ ਕਾਲਜ ਰੋਡੇ ਦੀਆਂ ਕੰਧਾਂ ’ਤੇ ਨਾਅਰੇ ਲਿਖੇ ਹਨ। ਇਹ ਵੀਡੀਓ ਜਾਰੀ ਹੁੰਦੇ ਹੀ ਜ਼ਿਲਾ ਪ੍ਰਸ਼ਾਸਨ ਹਰਕਤ ‘ਚ ਆ ਗਿਆ, ਸਭ ਤੋਂ ਪਹਿਲਾਂ ਸਵੇਰੇ ਲੋਕਾਂ ਦੇ ਐੱਸ.ਡੀ.ਐੱਮ ਦਫਤਰ ਪਹੁੰਚਣ ਤੋਂ ਪਹਿਲਾਂ ਹੀ ਜ਼ਿਲਾ ਪ੍ਰਸ਼ਾਸਨ ਨੇ ਉਨ੍ਹਾਂ ‘ਤੇ ਪੇਂਟ ਕਰਕੇ ਨਾਅਰੇਬਾਜ਼ੀ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ, ਇਸ ਦੇ ਨਾਲ ਹੀ ਜ਼ਿਲਾ ਪ੍ਰਸ਼ਾਸਨ ਹਰ ਸਥਿਤੀ ਨੂੰ ਲੈ ਕੇ ਚੌਕਸ ਸੀ।