ਬਹੁਜਨ ਸਮਾਜ ਪਾਰਟੀ ਨੇ ਕੀਤਾ ਸਤੰਬਰ ਮਹੀਨਾ ਬਾਬਾ ਜੀਵਨ ਸਿੰਘ ਜੀ ਦੇ ਸੰਘਰਸ਼ ਨੂੰ ਸਮਰਪਿਤ ਕਰਨ ਦਾ ਐਲਾਨ
ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਵਸ ਮੌਕੇ ਸੂਬੇ ਵਿਚ ਸੱਤ ਖੇਤਰੀ ਕਾਨਫਰੰਸਾਂ ਕਰੇਗੀ ਬਸਪਾ
ਜਲੰਧਰ 4 ਸਤੰਬਰ(ਵਿਸ਼ਵ ਵਾਰਤਾ)ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਐਲਾਨ ਕੀਤਾ ਹੈ ਕਿ ਬਹੁਜਨ ਸਮਾਜ ਪਾਰਟੀ ਸਤੰਬਰ ਦਾ ਮਹੀਨਾ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਨੂੰ ਸਮਰਪਿਤ ਕਰੇਗੀ ।ਜਿਸ ਤਹਿਤ ਉਹਨਾਂ ਦਾ ਜਨਮ ਦਿਵਸ ਪੰਜਾਬ ਵਿਚ ਜਿਲ੍ਹਾ ਪੱਧਰੀ ਕਾਨਫਰੰਸਾਂ ਕਰਕੇ ਮਨਾਇਆ ਜਾਵੇਗਾ। ਓਹਨਾਂ ਨੇ ਦੱਸਿਆ ਕਿ ਬਾਬਾ ਜੀਵਨ ਸਿੰਘ ਜੀ ਦਾ ਜਨਮ ਪਿਤਾ ਸਦਾ ਨੰਦ ਤੇ ਮਾਤਾ ਪ੍ਰੇਮੋ ਦੇ ਗ੍ਰਹਿ ਵਿਖੇ 30 ਨਵੰਬਰ, 1649 ਨੂੰ ਪਟਨਾ, ਬਿਹਾਰ ਵਿਖੇ ਹੋਇਆ ਸੀ। ਸਿੱਖ ਧਰਮ ਵਿੱਚ ਉਹਨਾਂ ਦੀ ਇੱਕ ਅਹਿਮ ਭੂਮਿਕਾ ਰਹੀ ਹੈ। ਉਹਨਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਚਾਂਦਨੀ ਚੌਂਕ ਤੋਂ ਚੁੱਕ ਕੇ ਸ੍ਰੀ ਅਨੰਦਪੁਰ ਸਾਹਿਬ ਲਿਆਂਦਾ ਸੀ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਆਪਣੇ ਸੀਨੇ ਨਾਲ ਲਾਕੇ ਰੰਗਰੇਟੇ ਗੁਰੂ ਕੇ ਬੇਟੇ ਦਾ ਹੋਣ ਦਾ ਵਰ ਦਿਤਾ। ਬਹੁਜਨ ਸਮਾਜ ਪਾਰਟੀ ਨੇ ਉਸ ਮਹਾਨ ਸਖਸ਼ੀਅਤ ਨੂੰ ਸਮਰਪਿਤ ਵਿਸ਼ਾਲ ਪ੍ਰੋਗਰਾਮ ਰੱਖੇ ਹਨ ਜਿਸ ਤਹਿਤ ਪਹਿਲਾਂ ਪ੍ਰੋਗਰਾਮ 11 ਸਤੰਬਰ ਬੁਢਲਾਡਾ, 12 ਸਤੰਬਰ ਫਰੀਦਕੋਟ, 18 ਸਤੰਬਰ ਸ਼੍ਰੀ ਹਰਗੋਬਿੰਦਪੁਰ ਸਾਹਿਬ, 19 ਸਤੰਬਰ ਸ਼੍ਰੀ ਅੰਮ੍ਰਿਤਸਰ ਸਾਹਿਬ, 24 ਸਤੰਬਰ ਦਿਨ ਐਤਵਾਰ ਨੂੰ ਮੋਗਾ, ਆਖਰੀ ਪ੍ਰੋਗਰਾਮ 25 ਸਤੰਬਰ ਦਿਨ ਸ਼ਨੀਵਾਰ ਨੂੰ ਸ਼੍ਰੀ ਫਿਰੋਜ਼ਪੁਰ ਅਤੇ 26 ਸਤੰਬਰ ਨੂੰ ਸ਼੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਾਲ ਜਨਸਭਾ ਜਲਸੇ ਹੋਣਗੇ।
ਸਰਦਾਰ ਗੜ੍ਹੀ ਨੇ ਦਸਿਆ ਕਿ ਪਿਛਲੀ ਵਾਰ ਵੀ ਬਸਪਾ ਨੇ ਕਰੋਨਾ ਕਾਲ ‘ਚ ਬਾਬਾ ਜੀਵਨ ਸਿੰਘ ਜੀ ਨੂੰ ਸਮਰਪਿਤ ਸਮਾਗਮ ਆਨਲਾਈਨ ਜ਼ੂਮ ਮੀਟਿੰਗ ਕਰਕੇ ਮਨਾਇਆ ਸੀ ।ਜਿਸ ਵਿੱਚ ਸੱਤਰ ਹਜ਼ਾਰ ਤੋਂ ਜਿਆਦਾ ਪੰਜਾਬੀਆਂ ਨੇ ਹਿੱਸਾ ਲਿਆ ਸੀ। ਪੰਜਾਬ ਦੇ ਦਲਿਤ ਪਛੜੇ ਵਰਗਾਂ ਨੂੰ ਕਾਂਗਰਸ ਭਾਜਪਾ ਵੱਲੋਂ ਅੱਪਵਿਤੱਰ ਤੇ ਗੈਰ ਪੰਥਕ ਦੱਸਣਾ ਅਤੇ ਆਪ ਪਾਰਟੀ ਵਲੋਂ ਸੰਵਿਧਾਨ ਵਿਰੋਧੀ ਟਿੱਪਣੀਆਂ ਬਸਪਾ ਨੂੰ ਬਰਦਾਸਤ ਨਹੀਂ ਹੈ। ਬਸਪਾ ਪੂਰੇ ਪੰਜਾਬ ਵਿਚ ਮਾਣ ਸਨਮਾਨ ਦਾ ਅੰਦੋਲਨ ਤਿੱਖੇ ਰੂਪ ਵਿਚ ਜਾਰੀ ਰੱਖੇਗੀ। ਇਸ ਮੌਕੇ ਸੂਬਾ ਸਕੱਤਰ ਸ਼੍ਰੀ ਹਰਭਜਨ ਬਲਾਲੋਂ ਤੇ ਸੂਬਾ ਸਕੱਤਰ ਸ਼੍ਰੀ ਅਸ਼ੋਕ ਸੰਧੂ ਵੀ ਹਾਜ਼ਿਰ ਸਨ।